ਮੁੱਖ ਅੰਸ਼
- ਸਾਰੇ ਵਿਦਿਆਰਥੀ ਟਰਮ-2 ਲਈ ਯੋਗ ਐਲਾਨੇ
- ਚੰਡੀਗੜ੍ਹ ਦੇ 10ਵੀਂ ਦੇ 632 ਤੇ 12ਵੀਂ ਦੇ 142 ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 7 ਫਰਵਰੀ
ਦਿ ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ (ਸੀਆਈਐਸਸੀਈ) ਵੱਲੋਂ ਅੱਜ ਇੰਡੀਅਨ ਸਰਟੀਫਿਕੇਟ ਫਾਰ ਸੈਕੰਡਰੀ ਐਜੂਕੇਸ਼ਨ (ਆਈਸੀਐਸਈ ਦਸਵੀਂ) ਤੇ ਇੰਡੀਅਨ ਸਕੂਲ ਸਰਟੀਫਿਕੇਟ (ਆਈਐਸਸੀ ਬਾਰ੍ਹਵੀਂ) ਟਰਮ-1 ਦੇ ਨਤੀਜੇ ਐਲਾਨ ਦਿੱਤੇ ਗਏ। ਅਜਿਹਾ ਪਹਿਲੀ ਵਾਰ ਹੈ ਕਿ ਇਸ ਵਾਰ ਵਿਦਿਆਰਥੀਆਂ ਦੇ ਅੰਕ ਨਸ਼ਰ ਨਹੀਂ ਕੀਤੇ ਗਏ ਤੇ ਚੰਡੀਗੜ੍ਹ ਖੇਤਰ ਦੇ ਸਾਰੇ ਵਿਦਿਆਰਥੀ ਟਰਮ-2 ਲਈ ਯੋਗ ਕਰਾਰ ਦਿੱਤੇ ਗਏ ਹਨ। ਚੰਡੀਗੜ੍ਹ ਵਿਚ ਇਸ ਬੋਰਡ ਨਾਲ ਸਬੰਧਤ ਚਾਰ ਸਕੂਲ ਹਨ ਜਿਨ੍ਹਾਂ ਵਿਚ ਸਟਰਾਅਬੇਰੀ ਫੀਲਡਜ਼ ਸਕੂਲ ਸੈਕਟਰ-26, ਟੈਂਡਰ ਹਾਰਟ ਸਕੂਲ ਸੈਕਟਰ-33, ਸੇਂਟ ਜ਼ੇਵੀਅਰ ਸਕੂਲ ਸੈਕਟਰ-44, ਸੇਂਟ ਸਟੀਫਨ ਸਕੂਲ ਸੈਕਟਰ-45 ਸ਼ਾਮਲ ਹਨ। ਜਾਣਕਾਰੀ ਅਨੁਸਾਰ ਇਸ ਵਾਰ ਚੰਡੀਗੜ੍ਹ ਦੇ ਦਸਵੀਂ ਜਮਾਤ ਦੇ 632 ਤੇ ਬਾਰ੍ਹਵੀਂ ਜਮਾਤ ਦੇ 142 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਸਕੂਲਾਂ ਵਲੋਂ ਨਤੀਜੇ ਨਸ਼ਰ ਨਾ ਕਰਨ ਨਾਲ ਇਹ ਪਤਾ ਨਹੀਂ ਲੱਗਾ ਕਿ ਚੰਡੀਗੜ੍ਹ ਵਿਚੋਂ ਕਿਹੜੇ ਵਿਦਿਆਰਥੀ ਨੇ ਟੌਪ ਕੀਤਾ ਹੈ। ਇਸ ਵਾਰ ਸਟਰਾਅਬੇਰੀ ਫੀਲਡਜ਼ ਸਕੂਲ ਦੇ ਦਸਵੀਂ ਵਿਚ 99 ਜਦਕਿ 12ਵੀਂ ਦੇ 80 ਵਿਦਿਆਰਥੀਆਂ ਨੇ ਟਰਮ-1 ਦੀ ਪ੍ਰੀਖਿਆ ਦਿੱਤੀ ਸੀ। ਇਸੇ ਤਰ੍ਹਾਂ ਸੇਂਟ ਜ਼ੇਵੀਅਰ ਦੇ 10ਵੀਂ ਦੇ 228 ਤੇ 12ਵੀਂ ਦੇ 62, ਸੇਂਟ ਸਟੀਫਨ ਦੇ 10ਵੀਂ ਦੇ 223, ਟੈਂਡਰ ਹਾਰਟ ਦੇ 10ਵੀਂ ਦੇ 82 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਸਟਰਾਅਬੇਰੀ ਸਕੂਲ ਦੇ ਡਾਇਰੈਕਟਰ ਅਤੁਲ ਖੰਨਾ ਨੇ ਦੱਸਿਆ ਕਿ ਸਕੂਲ ਨੇ ਇਸ ਨਤੀਜੇ ਨੂੰ ਆਪਣੇ ਪੱਧਰ ’ਤੇ ਤਿਆਰ ਕੀਤਾ ਹੈ ਤੇ ਟਰਮ-2 ਦਾ ਨਤੀਜਾ ਆਉਣ ’ਤੇ ਹੀ ਵਿਦਿਆਰਥੀਆਂ ਦੇ ਅੰਕ ਨਸ਼ਰ ਕੀਤੇ ਜਾਣਗੇ। ਇਸੇ ਤਰ੍ਹਾਂ ਸੇਂਟ ਸਟੀਫਨ ਸਕੂਲ ਦੇ ਪ੍ਰਿੰਸੀਪਲ ਲੁਈ ਲੋਪੇਜ਼ ਨੇ ਨਤੀਜਾ ਸ਼ੇਅਰ ਕਰਨ ਤੋਂ ਇਨਕਾਰ ਕੀਤਾ।
ਸਿਰਫ ਟੈਂਡਰ ਹਾਰਟ ਸਕੂਲ ਨੇ ਜਾਣਕਾਰੀ ਨਸ਼ਰ ਕੀਤੀ
ਸ਼ਹਿਰ ਦੇ ਬੋਰਡ ਨਾਲ ਸਬੰਧਤ ਤਿੰਨ ਸਕੂਲਾਂ ਨੇ ਨਤੀਜਾ ਨਸ਼ਰ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਟੈਂਡਰ ਹਾਰਟ ਸਕੂਲ ਦੇ ਪ੍ਰਬੰਧਕ ਵਿਕਰਾਂਤ ਸੂਰੀ ਨੇ ਦੱਸਿਆ ਕਿ ਬੋਰਡ ਦੇ ਨਿਯਮਾਂ ਅਨੁਸਾਰ ਅੰਗਰੇਜ਼ੀ ਤੇ ਹੋਰ ਚਾਰ ਵਿਸ਼ਿਆਂ ਦਾ ਨਤੀਜਾ ਤਿਆਰ ਕੀਤਾ ਗਿਆ ਹੈ ਜਿਸ ਵਿਚ ਦਸਵੀਂ ਦੀ ਪ੍ਰੀਖਿਆ 82 ਜਣਿਆਂ ਨੇ ਦਿੱਤੀ ਸੀ।
ਸੀਬੀਐਸਈ ਦੇ ਨਤੀਜੇ ਲੇਟ ਹੋਣ ਕਾਰਨ ਵਿਦਿਆਰਥੀ ਔਖੇ
ਆਈਸੀਐਸਈ ਵਲੋਂ ਤਾਂ ਬੋਰਡ ਜਮਾਤਾਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ ਪਰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਹਾਲੇ ਤਕ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਨਹੀਂ ਐਲਾਨੇ। ਹੁਣ ਵਿਦਿਆਰਥੀ ਸਵਾਲ ਕਰ ਰਹੇ ਹਨ ਕਿ ਉਨ੍ਹਾਂ ਦਾ ਨਤੀਜਾ ਕਦੋਂ ਆਵੇਗਾ। ਇਸ ਮਾਮਲੇ ਵਿਚ ਸੀਬੀਐਸਈ ਦੇ ਅਧਿਕਾਰੀ ਨਤੀਜਾ ਜਾਰੀ ਹੋਣ ਦੀ ਕੋਈ ਅਧਿਕਾਰਤ ਤਾਰੀਖ ਦਾ ਐਲਾਨ ਨਹੀਂ ਕਰ ਰਹੇ। ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਬੋਰਡ ਜਮਾਤਾਂ ਦਾ ਨਤੀਜਾ ਜਲਦੀ ਜਾਰੀ ਹੋਵੇਗਾ।