ਪੱਤਰ ਪ੍ਰੇਰਕ
ਕੁਰਾਲੀ, 10 ਮਈ
ਨਵੇਂ ਨਿਯੁਕਤ ਕੀਤੇ ਆਈਏਐੱਸ ਅਧਿਕਾਰੀਆਂ ਦੀ ਟੀਮ ਨੇ ਨੇੜਲੇ ਪਿੰਡ ਸਿੰਘਪੁਰਾ ਦਾ ਦੌਰਾ ਕਰਦਿਆਂ ਪਿੰਡ ਵਾਸੀਆਂ ਨੂੰ ਮਿਲ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਅਧਿਕਾਰੀਆਂ ਨੇ ਪਿੰਡ ਦੇ ਜਲਘਰ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
ਆਈਏਐੱਸ ਅਧਿਕਾਰੀ ਚੰਦਰਾ ਜਯੋਤੀ ਸਿੰਘ, ਉੱਜਸਵੀ ਅਤੇ ਹਰਜਿੰਦਰ ਸਿੰਘ ਨੇ ਜ਼ਿਲ੍ਹੇ ਦੇ ਹੋਰਨਾਂ ਅਧਿਕਾਰੀਆਂ ਸਮੇਤ ਸਿੰਘਪੁਰਾ ਦਾ ਦੌਰਾ ਕਰਦਿਆਂ ਇਸ ਜਲਘਰ ਤੋਂ ਪਿੰਡ ਵਾਸੀਆਂ ਨੂੰ ਮਿਲ ਰਹੀ 24 ਘੰਟੇ ਨਿਰਵਿਘਨ ਪਾਣੀ ਦੀ ਸਪਲਾਈ ਸਬੰਧੀ ਪ੍ਰਬੰਧ ਦੇਖੇ। ਅਧਿਕਾਰੀਆਂ ਨੇ ਪਿੰਡ ਦੀ ਸਾਫ਼ ਸਫਾਈ, ਪਾਣੀ ਦੀ ਬੱਚਤ, ਸੀਵਰੇਜ ਅਤੇ ਹੋਰ ਪ੍ਰਬੰਧ ਵੀ ਦੇਖੇ। ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਤੇ ਸਰਪੰਚ ਸਾਧੂ ਸਿੰਘ ਨੇ ਦੱਸਿਆ ਕਿ ਵਿਸ਼ਵ ਬੈਂਕ ਵੱਲੋਂ ਸਰਕਾਰ ਅਤੇ ਪਿੰਡ ਵਾਸੀਆਂ ਦੀ ਭਾਗੀਦਾਰੀ ਨਾਲ ਜਲਘਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਦੀ ਸਫਲਤਾ ਨੂੰ ਦੇਖਦਿਆਂ ਪਿੰਡ ਨੂੰ ਸੀਵਰੇਜ ਪ੍ਰੋਜੈਕਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਘਰ ਅਤੇ ਸੀਵਰੇਜ ਦੋਵੇਂ ਪ੍ਰੋਜੈਕਟ ਪਿੰਡ ਵਿੱਚ ਸਫਲਤਾ ਪੂਰਵਕ ਚੱਲ ਰਹੇ ਹਨ। ਉਨ੍ਹਾਂ ਪਾਣੀ ਦੀ ਬੱਚਤ ਅਤੇ ਸੀਵਰੇਜ ਦੇ ਪਾਣੀ ਦੀ ਟਰੀਟਮੈਂਟ ਲਈ ਕੀਤੇ ਪ੍ਰਬੰਧਾਂ ਸਬੰਧੀ ਵੀ ਜਾਣਕਾਰੀ ਦਿੱਤੀ।
ਪਿੰਡ ਦਾ ਦੌਰਾ ਕਰਨ ਉਪਰੰਤ ਆਈਏਐਸ ਅਧਿਕਾਰੀਆਂ ਨੇ ਪਿੰਡ ਦੇ ਪਾਣੀ, ਸੀਵਰੇਜ ਅਤੇ ਸਾਫ਼-ਸਫਾਈ ਆਦਿ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਪਿੰਡਾਂ ਨੂੰ ਵੀ ਅਜਿਹੇ ਪ੍ਰਬੰਧਾਂ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਐੱਸਡੀਓ ਰਾਜਿੰਦਰ ਸਿੰਘ, ਜੇਟੀ ਸਤਪਾਲ ਸਿੰਘ, ਬੀਆਰਸੀ ਰਾਜਦੀਪ ਕੌਰ, ਮੈਡਲ ਰਿੰਪੀ, ਸਾਬਕਾ ਸਰਪੰਚ ਜਗਨਾਹਰ ਸਿੰਘ, ਬਲਜੀਤ ਸਿੰਘ, ਮੱਘਰ ਸਿੰਘ, ਮਹਿੰਦਰ ਸਿੰਘ, ਹਰਪਾਲ ਸਿੰਘ, ਹਰਜੀਤਪਾਲ ਸਿੰਘ ਅਤੇ ਗੁਰਨਾਮ ਸਿੰਘ ਹਾਜ਼ਰ ਸਨ।