ਆਤਿਸ਼ ਗੁਪਤਾ
ਚੰਡੀਗੜ੍ਹ, 5 ਜਨਵਰੀ
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਵੱਲੋਂ ਵਜ਼ੀਫ਼ਾ ਘੁਟਾਲੇ ਦੇ ਦੋਸ਼ੀਆਂ ਖ਼ਿਲਾਫ਼ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਸ਼ੁਰੂ ਕੀਤੀ ਗਈ ਸੰਕੇਤਕ ਭੁੱਖ ਹੜਤਾਲ ਨੌਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਵਜ਼ੀਫ਼ਾ ਨਾ ਮਿਲਣ ਕਰਕੇ ਉੱਚ ਵਿੱਦਿਆ ਅਤੇ ਸਰਕਾਰੀ ਨੌਕਰੀ ਹਾਸਲ ਕਰਨ ਤੋਂ ਵਾਂਝੇ ਰਹਿਣ ਵਾਲੇ ਵਿਦਿਆਰਥੀ ਅੰਗਰੇਜ ਸਿੰਘ, ਲਵਪ੍ਰੀਤ ਸਿੰਘ, ਰਮਨਦੀਪ ਕੌਰ, ਸੁਖਜਿੰਦਰ ਕੌਰ, ਤੁਰਣ ਕੁਮਾਰ ਵੀ ਆਪਣੇ ਪਰਿਵਾਰ ਸਮੇਤ ਹਿੱਸਾ ਲਿਆ ਹੈ। ਇਨ੍ਹਾਂ ਨੇ ਦੱਸਿਆ ਕਿ ਕਾਲਜ ਕੋਲ ਸਰਕਾਰ ਵੱਲੋਂ ਵਜ਼ੀਫ਼ਿਆਂ ਵਜੋਂ ਦਿੱਤੀਆਂ ਜਾਣ ਵਾਲੀਆਂ ਫ਼ੀਸਾਂ ਦੀ ਅਦਾਇਗੀ ਨਾ ਕਰਨ ਕਰਕੇ ਕਾਲਜਾਂ ਨੇ ਉਨ੍ਹਾਂ ਦੇ 10ਵੀਂ, 12ਵੀਂ, ਗ੍ਰੇਜੂਏਸ਼ਨ ਦੇ ਸਰਟੀਫਿਕੇਟ ਰੋਕ ਲਏ ਹਨ। ਇਸ ਤੋਂ ਪਹਿਲਾਂ ਵੀ ਕਾਲਜ ਪ੍ਰਸ਼ਾਸਨ ਨੇ ਰੋਲ ਨੰਬਰ ਜਾਰੀ ਕਰਨ ਮੌਕੇ ਵੀ ਵਿਦਿਆਰਥੀਆਂ ਨੂੰ ਬੇਇੱਜ਼ਤ ਕੀਤਾ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਡਿਗਰੀਆਂ ਰੋਕਣ ਕਰਕੇ ਉਹ ਨਾ ਤਾਂ ਕਿਸੇ ਕਾਲਜ ਵਿੱਚ ਉੱਚੇਰੀ ਸਿੱਖਿਆ ਲਈ ਅਤੇ ਨਾ ਹੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਸਰਟੀਫਿਕੇਟ ਅਤੇ ਡਿਗਰੀਆਂ ਜਲਦ ਜਾਰੀ ਕੀਤੀਆਂ ਜਾਣ।
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਗਰੀਬ ਵਿਦਿਆਰਥੀਆਂ ਦਾ ਸ਼ੋਸ਼ਣ ਕਰ ਰਹੀ ਹਨ। ਕੈਂਥ ਨੇ ਮੰਗ ਕੀਤੀ ਕਿ ਵਜ਼ੀਫ਼ਾ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਵਿਦਿਆਰਥੀਆਂ ਦੇ ਸਰਟੀਫਿਕੇਟ ਜਲਦ ਜਾਰੀ ਕੀਤੇ ਜਾਣ। ਧਰਨੇ ਵਿੱਚ ਵਿਧਾਇਕ ਬੁੱਧ ਰਾਮ ਨੇ ਵੀ ਮੰਗਾਂ ਦਾ ਸਮਰਥਨ ਕੀਤਾ ਹੈ। ਇਸ ਮੌਕੇ ਐੱਮਐੱਸ ਰੋਹਟਾ, ਕੈਪਟਨ ਅਮਰੀਕ ਸਿੰਘ, ਗੁਰਤੇਜ ਸਿੰਘ, ਕੈਪਟਨ ਹਰਭਜਨ ਸਿੰਘ, ਕ੍ਰਿਪਾਲ ਸਿੰਘ, ਦਲੀਲ ਸਿੰਘ ਬੁਚੜੇ, ਜਸਵਿੰਦਰ ਸਿੰਘ ਰਾਹੀ, ਬੱਗਾ ਸਿੰਘ ਫਿਰੋਜ਼ਪੁਰ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੋਨੂੰ, ਮਲਕੀਤ ਸਿੰਘ, ਸੂਰਜਾ ਸਿੰਘ, ਗੁਰਸੇਵਕ ਸਿੰਘ ਮੈਣਮਾਜਰੀ, ਰਾਜਵਿੰਦਰ ਸਿੰਘ ਤੇ ਬਲਵੀਰ ਸਿੰਘ ਆਲਮਪੁਰ ਆਦਿ ਹਾਜ਼ਰ ਸਨ।