ਪੀ.ਪੀ. ਵਰਮਾ
ਪੰਚਕੂਲਾ, 2 ਮਾਰਚ
ਹਰਿਆਣਾ ਰੋਡਵੇਜ਼ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪੰਚਕੂਲਾ ਪੁਲੀਸ ਨੇ ਚੰਡੀਗੜ੍ਹ ਦੇ ਹਾਊਸਿੰਗ ਬੈਰੀਅਰ ਕੋਲ ਰੋਕ ਲਿਆ ਜਿੱਥੇ ਇਨ੍ਹਾਂ ਵੱਲੋਂ ਧਰਨਾ ਲਾ ਦਿੱਤਾ ਗਿਆ। ਪੁਲੀਸ ਨੇ ਹਾਊਸਿੰਗ ਬੋਰਡ ਚੰਡੀਗੜ੍ਹ ਉੱਤੇ ਵੱਡੇ ਬੈਰੀਕੇਡ ਲਾਏ ਹੋਏ ਸਨ ਤਾਂ ਕਿ ਇਨ੍ਹਾਂ ਨੂੰ ਚੰਡੀਗੜ੍ਹ ਵਿੱਚ ਪ੍ਰਵੇਸ਼ ਨਾ ਕਰਨ ਦਿੱਤਾ ਜਾਵੇ। ਇਹ ਸਾਰੇ ਮੁਲਾਜ਼ਮ ਸਾਲ 2018 ਵਿੱਚ ਹਰਿਆਣਾ ’ਚ ਉਦੋਂ ਭਰਤੀ ਕੀਤੇ ਗਏ ਸਨ ਜਦੋਂ ਹਰਿਆਣਾ ਦੇ ਪੱਕੇ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਈ ਹਫ਼ਤੇ ਤੱਕ ਚੱਲੀ ਸੀ।
ਹੁਣ ਇਹ ਮੁਲਾਜ਼ਮ ਮੰਗ ਕਰ ਰਹੇ ਹਨ ਕਿ ਪੱਕੇ ਮੁਲਾਜ਼ਮਾਂ ਦੀ ਹੜਤਾਲ ਵੇਲੇ ਉਨ੍ਹਾਂ ਵੱਲੋਂ ਸਰਕਾਰ ਨੂੰ ਦਿੱਤੇ ਸਹਿਯੋਗ ਨੂੰ ਧਿਆਨ ’ਚ ਰੱਖਦਿਆਂ ਹੁਣ ਉਨ੍ਹਾਂ ਨੂੰ ਦੁਬਾਰਾ ਨੌਕਰੀ ਦੇਣ ਵਿੱਚ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਸੂਬਾ ਪ੍ਰਧਾਨ ਦਲਬੀਰ ਸਿੰਘ ਨੇ ਕਿਹਾ ਖਾਲੀ ਪੋਸਟਾਂ ਉੱਤੇ ਉਨ੍ਹਾਂ ਦੀ ਭਰਤੀ ਕੀਤੀ ਜਾਵੇ। ਇਹ ਮੁਲਾਜ਼ਮ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਨ ਜੋ ਸੈਕਟਰ-5 ਦੇ ਹੁੱਡਾ ਗਰਾਊਂਡ ਵਿੱਚ ਇਕੱਠੇ ਹੋਏ ਅਤੇ ਪੂਰੇ ਪੰਚਕੂਲਾ ਵਿੱਚ ਜਲੂਸ ਕੱਢ ਕੇ ਚੰਡੀਗੜ੍ਹ ਵੱਲ ਜਾਣ ਦੀ ਤਿਆਰੀ ’ਚ ਸਨ। ਹਰਿਆਣਾ ਰੋਡਵੇਜ਼ ਦੇ ਇੱਕ ਹੋਰ ਆਗੂ ਸਰਵਣ ਕੁਮਾਰ ਜਾਂਗੜਾ ਨੇ ਦੱਸਿਆ ਕਿ ਸਰਕਾਰ ਬਹਾਨਾ ਬਣਾ ਰਹੀ ਹੈ ਕਿ ਸਰਪਲੱਸ ਸਟਾਫ਼ ਨਹੀਂ ਹੈ ਜਦਕਿ ਅਜਿਹਾ ਨਹੀਂ ਹੈ ਤੇ ਸਰਕਾਰ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਸੰਨ 1972 ਵਿੱਚ ਵੀ ਹਰਿਆਣਾ ਰੋਡਵੇਜ਼ ਦੀ ਹੜਤਾਲ ਹੋਈ ਸੀ, ਇਸ ਤੋਂ ਬਾਅਦ ਸੰਨ 1979 ਵਿੱਚ ਵੀ ਹੜਤਾਲ ਹੋਈ ਸੀ, ਫਿਰ ਸਾਲ 1994 ਵਿੱਚ ਵੀ ਰੋਡਵੇਜ਼ ਦੀ ਹੜਤਾਲ ਹੋਈ ਸੀ ਅਤੇ 2014 ਤੋਂ ਬਾਅਦ 2018 ਵਿੱਚ ਵੀ ਰੋਡਵੇਜ਼ ਦੀ ਹੜਤਾਲ ਹੋਈ ਸੀ। ਹਰ ਸਮੇਂ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਦਾ ਸਾਥ ਦਿੱਤਾ ਪਰ ਸਰਕਾਰ ਕੱਢੇ ਗਏ ਮੁਲਾਜ਼ਮਾਂ ਦਾ ਸਾਥ ਨਹੀਂ ਦੇ ਰਹੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਨੌਕਰੀ ਬਹਾਲ ਕੀਤੀ ਜਾਵੇ। ਖ਼ਬਰ ਲਿਖੇ ਜਾਣ ਤੱਕ ਮੁਲਾਜ਼ਮ ਸੜਕ ’ਤੇ ਧਰਨੇ ’ਤੇ ਬੈਠੇ ਸਨ ਅਤੇ ਚੰਡੀਗੜ੍ਹ ਹਰਿਆਣਾ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਜ਼ਿੱਦ ਕਰ ਰਹੇ ਸਨ ਜਿੱਥੇ ਚੰਡੀਗੜ੍ਹ ਅਤੇ ਪੰਚਕੂਲਾ ਪੁਲੀਸ ਨੇ ਬੈਰੀਅਰ ਲਾਏ ਹੋਏ ਸਨ।