ਪੱਤਰ ਪ੍ਰੇਰਕ
ਚੰਡੀਗੜ੍ਹ, 18 ਅਪਰੈਲ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਤੇਜ਼ੀ ਨਾਲ ਵਧ ਰਹੇ ਅੰਕੜੇ ਨੇ ਯੂ.ਟੀ. ਦੇ ਸਿਹਤ ਵਿਭਾਗ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਅੱਜ ਇੱਕ ਦਿਨ ਵਿੱਚ ਹੀ 625 ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਸਿਹਤ ਵਿਭਾਗ ਦੇ ਵੇਰਵਿਆਂ ਮੁਤਾਬਕ ਸੈਕਟਰ 24 ਨਿਵਾਸੀ 52 ਸਾਲਾ ਕਰੋਨਾ ਪੀੜਤ ਵਿਅਕਤੀ ਦੀ ਫੋਰਟਿਸ ਹਸਪਤਾਲ ਮੁਹਾਲੀ ਵਿੱਚ, ਸੈਕਟਰ 29 ਨਿਵਾਸੀ 62 ਸਾਲਾ ਕਰੋਨਾ ਪੀੜਤ ਔਰਤ ਦੀ ਜੀ.ਐਮ.ਸੀ.ਐਚ-32 ਵਿੱਚ ਮੌਲੀ ਜਾਗਰਾਂ ਨਿਵਾਸੀ 28 ਸਾਲਾ ਕਰੋਨਾ ਪੀੜਤ ਔਰਤ ਦੀ ਜੀ.ਐਮ.ਐਸ.ਐਚ-16 ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਤਿੰਨੋਂ ਮਰੀਜ਼ ਕਰੋਨਾ ਦੇ ਨਾਲ-ਨਾਲ ਹੋਰ ਵੀ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ।
ਸ਼ਹਿਰ ਵਿੱਚ 411 ਮਰੀਜ਼ਾਂ ਨੂੰ ਘਰੇਲੂ ਆਈਸੋੋਲੇਸ਼ਨ ਦੇ 10 ਦਿਨ ਪੂਰੇ ਕਰਨ ਮਗਰੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਜਿਸ ਦੌਰਾਨ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ 3625 ਹੋ ਗਿਆ ਹੈ।
ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਚੱਲਦਿਆਂ ਲਗਾਤਾਰ ਕਰੋਨਾ ਮਾਮਲਿਆਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਇਕੱਠੇ 880 ਵਿਅਕਤੀਆਂ ਦੇ ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਕਰੋਨਾ ਮਹਾਮਾਰੀ ਦੇ 880 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 36073 ’ਤੇ ਪਹੁੰਚ ਗਈ ਹੈ। ਅੱਜ 448 ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਤਿੰਨ ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਅਤੇ ਹੁਣ ਤੱਕ 502 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਰੂਪਨਗਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 107 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ ਤਿੰਨ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 933 ਹੋ ਗਈ ਹੈ। ਅੱਜ ਨੰਗਲ ਤਹਿਸੀਲ਼ ਦੇ ਪਿੰਡ ਗੱਗ ਦੇ 90 ਸਾਲਾ ਵਿਅਕਤੀ, ਨੂਰਪੁਰ ਬੇਦੀ ਬਲਾਕ ਦੇ ਪਿੰਡ ਬੈਂਸਾਂ ਦੇ 44 ਸਾਲਾ ਵਿਅਕਤੀ ਅਤੇ ਰੂਪਨਗਰ ਨੇੜਲੇ ਪਿੰਡ ਰਾਮਪੁਰ ਪੁਰਖਾਲੀ ਦੇ 42 ਸਾਲਾ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 508 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਕਰੋਨਾ ਕਾਰਨ ਜ਼ਿਲ੍ਹੇ ਵਿੱਚ ਚਾਰ ਮੌਤਾਂ ਵੀ ਹੋਈਆਂ ਹਨ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ।