ਆਤਿਸ਼ ਗੁਪਤਾ
ਚੰਡੀਗੜ੍ਹ, 21 ਮਾਰਚ
ਚੰਡੀਗੜ੍ਹ ਗੋਲਫ਼ ਕਲੱਬ ਦੀਆਂ ਚੋਣਾਂ ਦੌਰਾਨ ਤਿਕੋਣੇ ਮੁਕਾਬਲੇ ਦੇ ਬਾਵਜੂਦ ਸੇਵਾਮੁਕਤ ਲੈਫਟੀਨੈਂਟ ਜਨਰਲ ਐੱਚ ਐੱਸ ਚਾਹਲ (ਬੌਬੀ) ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਕੁੱਲ ਪਈਆਂ 1154 ਵੋਟਾਂ ਵਿੱਚੋਂ 505 ਵੋਟਾਂ ਹਾਸਲ ਕਰ ਕੇ ਸੇਵਾਮੁਕਤ ਮੇਜਰ ਰਾਜਿੰਦਰ ਸਿੰਘ ਵਿਰਕ (ਲਾਲੀ) ਨੰ 99 ਵੋਟਾਂ ਨਾਲ ਹਰਾਇਆ ਹੈ।
ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਵਿਰਕ ਨੂੰ 406 ਅਤੇ ਐੱਸ ਪੀ ਐੱਸ ਘਈ (ਨਿੱਪੀ) ਨੂੰ 260 ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ਕਾਰਜਕਾਰਨੀ ਕਮੇਟੀ ਦੇ 11 ਮੈਂਬਰਾਂ ਲਈ 31 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਸਨ। ਕਾਰਜਕਾਰਨੀ ਕਮੇਟੀ ਦੇ 11 ਮੈਂਬਰਾਂ ਦੀ ਚੋਣ ਲਈ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਐੱਚ ਐੱਸ ਚਾਹਲ (ਬੌਬੀ) ਪਹਿਲੀ ਵਾਰ ਪ੍ਰਧਾਨਗੀ ਲਈ ਚੋਣ ਮੈਦਾਨ ਵਿੱਚ ਨਿਤਰੇ ਹਨ ਜਦੋਂਕਿ ਸਾਲ 2014, 2016 ਤੇ 2018 ਵਿੱਚ ਕਲੱਬ ਦੀ ਕਾਰਜਕਾਰਨੀ ਕਮੇਟੀ ਵਿੱਚ ਰਹਿ ਚੁੱਕੇ ਹਨ।
ਉਨ੍ਹਾਂ ਜਿੱਤ ਤੋਂ ਬਾਅਦ ਕਿਹਾ ਕਿ ਕਲੱਬ ਵਿੱਚ ਵਿਕਾਸ ਦੇ ਰੁਕੇ ਹੋਏ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ ਅਤੇ ਕਲੱਬ ਵਿੱਚ ਪਾਰਦਰਸ਼ਤਾ ਨੂੰ ਲਿਆਂਦਾ ਜਾਵੇਗਾ। ਦੱਸਣਯੋਗ ਹੈ ਕਿ ਚੰਡੀਗੜ੍ਹ ਗੋਲਫ਼ ਕਲੱਬ ਦੇ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਮੈਂਬਰਾਂ ਦੀ ਚੋਣ ਲਈ ਲੰਘੇ ਦਿਨ ਵੋਟਾਂ ਪਈਆਂ ਸਨ। ਉਸ ਸਮੇਂ ਕੁੱਲ 1800 ਵੋਟਰਾਂ ਵਿੱਚੋਂ 1154 ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਸੀ। ਚੰਡੀਗੜ੍ਹ ਗੋਲਫ਼ ਕਲੱਬ ਦੇ ਪ੍ਰਧਾਨ ਚੁਣੇ ਗਏ ਐੱਚ ਐੱਸ ਚਾਹਲ (ਬੌਬੀ) 1973 ਵਿੱਚ ਭਾਰਤੀ ਸੈਨਾ ਨਾਲ ਜੁੜੇ ਹੋਏ ਸਨ ਜਿਨ੍ਹਾਂ ਸਾਲ 1997 ਵਿੱਚ ਫ਼ੌਜ ਤੋਂ ਸੇਵਾਮੁਕਤ ਹੋਣ ਉਪਰੰਤ ਆਪਣੀ ਸੁਰੱਖਿਆ ਏਜੰਸੀ ਦੀ ਸ਼ੁਰੂਆਤ ਕੀਤੀ ਸੀ।