ਮੁਕੇਸ਼ ਕੁਮਾਰ
ਚੰਡੀਗੜ੍ਹ, 28 ਸਤੰਬਰ
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਅੱਜ ਇਥੇ ਧਨਾਸ ਵਿੱਚ ਚਾਰ ਰਿਹਾਇਸ਼ੀ ਯੂਨਿਟਾਂ ਵਿੱਚ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਹਟਾ ਦਿੱਤਾ ਹੈ। ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਬੋਰਡ ਵੱਲੋਂ ਫਲੈਟਾਂ ਵਿੱਚ ਅਲਾਟੀਆਂ ਨੂੰ ਕਿਸੀ ਵੀ ਤਰ੍ਹਾਂ ਦੀ ਨਵੀਂ ਉਸਾਰੀ ਕਰਨ ਲਈ ਵਰਜਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਕਈ ਅਲਾਟੀ ਬੋਰਡ ਦੇ ਨਿਯਮਾਂ ਖ਼ਿਲਾਫ਼ ਆਪਣੇ ਫਲੈਟਾਂ ਵਿੱਚ ਵਾਧੂ ਉਸਾਰੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਉਸਾਰੀਆਂ ਨੂੰ ਹਟਾਉਣ ਲਈ ਬੋਰਡ ਵਲੋਂ ਕੀਤੇ ਗਏ ਖ਼ਰਚੇ ਨੂੰ ਨਿਯਮਾਂ ਅਨੁਸਾਰ ਡਿਫਾਲਟਰ ਅਲਾਟੀਆਂ ਤੋਂ ਹੀ ਵਸੂਲਿਆ ਜਾਵੇਗਾ ਅਤੇ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੇ ਫਲੈਟਾਂ ਦੀ ਅਲਾਟਮੈਂਟ ਨੂੰ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਕਾਰਵਾਈ ਤੋਂ ਬਚਣ ਲਈ ਆਪਣੇ ਤੌਰ ’ਤੇ ਅਲਾਟੀ ਅਜਿਹੀਆਂ ਉਸਾਰੀਆਂ ਨੂੰ ਢਾਹ ਦੇਣ।
ਹਾਊਸਿੰਗ ਬੋਰਡ ਦੀ ਡਿਫਾਲਟਰ ਸੂਚੀ ਵਿੱਚ ਸਿਹਤ ਵਿਭਾਗ ਸ਼ਾਮਲ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਮੁੜ ਵਸੇਬਾ ਯੋਜਨਾ ਤਹਿਤ ਅਲਾਟ ਕੀਤੇ ਫਲੈਟਾਂ ਦੀ ਲਾਇਸੈਂਸ ਫੀਸ ਅਤੇ ਕਿਰਾਏ ਦੇ ਬਕਾਇਦਾਰਾਂ ਖ਼ਿਲਾਫ਼ ਵਸੂਲੀ ਨੂੰ ਲੈ ਕੇ ਸਖ਼ਤੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੇ ਧਨਾਸ ਵਿੱਚ ਅੱਠ ਫਲੈਟ ਕਿਰਾਏ ’ਤੇ ਲਏ ਹੋਏ ਹਨ ਪਰ ਅੱਜ ਤੱਕ ਬੋਰਡ ਨੂੰ ਇਨ੍ਹਾਂ ਦਾ ਕਿਰਾਇਆ ਅਦਾ ਨਹੀਂ ਕੀਤਾ ਗਿਆ। ਇਨ੍ਹਾਂ ਅੱਠ ਫਲੈਟਾਂ ਦੀ ਬਕਾਇਆ ਰਾਸ਼ੀ 9 ਲੱਖ 63 ਹਜ਼ਾਰ ਰੁਪਏ ਬਣਦੀ ਹੈ। ਜਦੋਂ ਬੋਰਡ ਨੇ ਬਕਾਇਦਾਰਾਂ ਦੀ ਲਿਸਟ ਜਾਰੀ ਕੀਤੀ ਤਾਂ ਮਹਿਕਮੇ ਨੂੰ ਪਤਾ ਲੱਗਾ ਕਿ ਸਿਹਤ ਵਿਭਾਗ ਵੀ ਬੋਰਡ ਦਾ ਡਿਫਾਲਟਰ ਹੈ। ਇਥੇ ਦਿਲਚਸਪ ਗੱਲ ਇਹ ਹੈ ਕਿ ਹਾਊਸਿੰਗ ਬੋਰਡ ਅਤੇ ਸਿਹਤ ਵਿਭਾਗ ਦੋਵਾਂ ਦਾ ਮੁਖੀ ਇੱਕੋ ਹੀ ਅਧਿਕਾਰੀ ਹੈ। ਦੱਸਣਯੋਗ ਹੈ ਕਿ ਯਸ਼ਪਾਲ ਗਰਗ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਸਕੱਤਰ ਦੇ ਨਾਲ-ਨਾਲ ਹਾਊਸਿੰਗ ਬੋਰਡ ਦੇ ਬਤੌਰ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵੀ ਹਨ। ਸੀਐੱਚਬੀ ਦੇ ਸੀਈਓ ਹੋਣ ਦੇ ਨਾਤੇ ਉਹ ਕਿਰਾਏ ਦਾ ਭੁਗਤਾਨ ਨਾ ਕਰਨ ਵਾਲੇ ਫਲੈਟ ਅਲਾਟੀਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੇ ਹਨ। ਮਹਿਕਮੇ ਦੇ ਸਕੱਤਰ ਯਸ਼ਪਾਲ ਗਰਗ ਨੇ ਪਿਛਲੇ ਹਫਤੇ ਹੀ ਕਿਹਾ ਸੀ ਕਿ ਬਕਾਇਦਾਰਾਂ ਦੀ ਸੂਚੀ ਵਿਚ ਸ਼ਾਮਲ ਅਲਾਟੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਕਿਰਾਇਆ ਜਮ੍ਹਾਂ ਨਾ ਕਰਵਾਉਣ ਕਾਰਨ ਅਲਾਟਮੈਂਟ ਰੱਦ ਕਰਨ ਦੀ ਗੱਲ ਵੀ ਕਹੀ ਸੀ। ਉਧਰ ਯੂਟੀ ਪ੍ਰਸ਼ਾਸਨ ਦੇ ਬਿਜਲੀ ਵਿਭਾਗ ਦੇ ਵੀ ਚਾਰਾਂ ਫਲੈਟਾਂ ਦਾ ਕੁੱਲ ਬਕਾਇਆ 4,66,288 ਰੁਪਏ ਹੈ। ਸੀਈਓ ਯਸ਼ਪਾਲ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਦੇ ਅੱਠ ਫਲੈਟਾਂ ਦੇ ਬਕਾਏ ਨੂੰ ਲੈ ਕੇ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਹੀ ਉਨ੍ਹਾਂ ਦੀ ਜਾਣਕਾਰੀ ਵਿੱਚ ਆਇਆ ਸੀ ਕਿ ਕੁਝ ਸਰਕਾਰੀ ਫਲੈਟ ਵੀ ਕਿਰਾਏ ਦੇ ਬਕਾਇਦਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।