ਮੁਕੇਸ਼ ਕੁਮਾਰ
ਚੰਡੀਗੜ੍ਹ, 7 ਨਵੰਬਰ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਸੈਕਟਰ-56 ਦੀ ਟੀਨ ਸ਼ੈੱਡ ਕਲੋਨੀ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੀ ਯੋਜਨਾ ਅਨੁਸਾਰ ਕਫਾਇਤੀ ਦਰ ਦੇ ਕਿਰਾਏ ’ਤੇ ਬੇਘਰ ਲੋਕਾਂ ਨੂੰ ਮਕਾਨ ਉਪਲਬਧ ਕਰਵਾਉਣ ਦੀ ਯੋਜਨਾ ਤਹਿਤ ਇਥੇ ਸੈਕਟਰ-52 ਅਤੇ 56 ਦੀ ਟੀਨ ਸ਼ੈੱਡ ਕਲੋਨੀ ਦੇ ਵਾਸੀਆਂ ਨੂੰ ਹਾਊਸਿੰਗ ਬੋਰਡ ਵਲੋਂ ਮਲੋਆ ਵਿੱਚ ਬਣਾਏ ਗਏ ਫਲੈਟਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਫਲੈਟਾਂ ਲਈ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਇਆ ਵਸੂਲਿਆ ਜਾਵੇਗਾ। ਬਿਜਲੀ ਦੇ ਪਾਣੀ ਦਾ ਖਰਚਾ ਵੱਖਰਾ ਹੋਵੇਗਾ। ਅਧਿਕਾਰੀਆਂ ਅਨੁਸਾਰ ਸੈਕਟਰ-56 ਵਿੱਚ ਕੁੱਲ 324 ਟੀਨ ਸ਼ੈੱਡ ਹਨ, ਜਿਨ੍ਹਾਂ ’ਚੋਂ 70 ਸ਼ੈੱਡਾਂ ਵਿੱਚ ਪਰਿਵਾਰ ਰਹਿੰਦੇ ਹਨ। ਇਨ੍ਹਾਂ ’ਚੋਂ ਮਲੋਆ ਵਿੱਚ ਸ਼ਿਫਟ ਕਰਨ ਦੀ ਯੋਜਨਾ ਸਬੰਧੀ ਸਿਰਫ 11 ਪਰਿਵਾਰਾਂ ਨੇ ਹੀ ਰੁਚੀ ਦਿਖਾਈ ਹੈ। ਬਾਕੀ ਲੋਕਾਂ ਦਾ ਕਹਿਣਾ ਹੈ ਕਿ ਮਲੋਆ ’ਚ ਕਿਰਾਏ ਦੇ ਆਧਾਰ ਦੀ ਥਾਂ ਉਨ੍ਹਾਂ ਨੂੰ ਪੱਕੀ ਅਲਾਟਮੈਂਟ ਕੀਤੀ ਜਾਵੇ ਤਾਂ ਹੀ ਉਹ ਇਥੋਂ ਆਪਣੇ ਸ਼ੈੱਡ ਖਾਲੀ ਕਰਨਗੇ।