ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਆਪਣੀਆਂ ਰਿਹਾਇਸ਼ੀ ਅਤੇ ਵਪਾਰਕ ਇਕਾਈਆਂ ਨੂੰ ਈ-ਟੈਂਡਰਿੰਗ ਪ੍ਰਣਾਲੀ ਰਾਹੀਂ ਵੇਚਿਆ ਜਾ ਰਿਹਾ ਹੈ। ਇਸ ਸਿਲਸਿਲੇ ਤਹਿਤ ਬੋਰਡ ਵੱਲੋਂ ਇਥੋਂ ਦੇ ਸੈਕਟਰ 38 ਵਿੱਚ ਬਿਲਟ-ਅਪ ਰਿਹਾਇਸ਼ੀ ਇਕਾਈਆਂ ਤੇ 151 ਵਪਾਰਕ ਇਕਾਈਆਂ ਨੂੰ ਲੀਜ਼-ਹੋਲਡ ਆਧਾਰ ’ਤੇ ਵੇਚਣ ਲਈ ਈ-ਟੈਂਡਰ ਮੰਗੇ ਗਏ ਸਨ। ਬੋਰਡ ਵੱਲੋਂ ਅੱਜ ਇਨ੍ਹਾਂ ਸਬੰਧੀ ਈ-ਟੈਂਡਰਿੰਗ ਕਰਨ ਲਈ ਅੰਤਿਮ ਤਰੀਕ ਹੋਣ ’ਤੇ ਖੋਲ੍ਹੇ ਗਏ ਟੈਂਡਰਾਂ ਅਨੁਸਾਰ ਬੋਰਡ ਨੂੰ ਰਿਹਾਇਸ਼ੀ ਇਕਾਈਆਂ ਲਈ ਕੁੱਲ 15 ਜਣਿਆਂ ਨੇ ਈ-ਬੋਲੀ ਲਗਾਈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ 5 ਯੂਨਿਟ ਵੇਚੇ ਜਾਣਗੇ। ਇਨ੍ਹਾਂ 5 ਰਿਹਾਇਸ਼ੀ ਯੂਨਿਟਾਂ ਦੀ ਰਾਖਵੀਂ ਕੀਮਤ 2 ਕਰੋੜ 46 ਲੱਖ ਰੁਪਏ ਸੀ ਜਦੋਂਕਿ ਇਹ ਪੰਜੇ ਇਕਾਈਆਂ 2 ਕਰੋੜ 77 ਲੱਖ ਰੁਪਏ ਵਿੱਚ ਨਿਲਾਮ ਹੋਈਆਂ। ਇਸੇ ਤਰ੍ਹਾਂ ਵਪਾਰਕ ਇਕਾਈਆਂ ਲਈ ਕੁੱਲ 5 ਜਣਿਆਂ ਦੀ ਈ-ਬੋਲੀ ਲੱਗੀ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਬੋਲੀ ਲਗਾਉਣ ’ਤੇ 3 ਯੂਨਿਟ ਸਫ਼ਲ ਬੋਲੀਕਾਰਾਂ ਨੂੰ ਵੇਚੇ ਜਾਣਗੇ। ਇਨ੍ਹਾਂ 3 ਵਪਾਰਕ ਇਕਾਈਆਂ ਦੀ ਕੁਲ ਰਾਖਵੀਂ ਕੀਮਤ 1 ਕਰੋੜ 54 ਲੱਖ ਰੁਪਏ ਸੀ, ਜਦੋਂ ਕਿ ਇਹ ਇਕਾਈਆਂ 1 ਕਰੋੜ 57 ਲੱਖ ਰੁਪਏ ਵਿੱਚ ਨਿਲਾਮ ਹੋਈਆਂ।