ਹਰਜੀਤ ਸਿੰਘ
ਜ਼ੀਰਕਪੁਰ, 15 ਸਤੰਬਰ
ਸ਼ਹਿਰ ਵਿੱਚ ਅੱਜ ਸ਼ਾਮ ਸਮੇਂ ਪਏ ਭਾਰੀ ਮੀਂਹ ਨਾਲ ਲੰਘੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਅਤੇ ਮੌਸਮ ਖ਼ੁਸ਼ਨੁਮਾ ਹੋ ਗਿਆ। ਦੂਜੇ ਪਾਸੇ ਮੀਂਹ ਨੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਵਿੱਚ ਸਭ ਤੋਂ ਵੱਧ ਪ੍ਰੇਸ਼ਾਨੀ ਸ਼ਹਿਰ ਦੀਆਂ ਸੜਕਾਂ ’ਤੇ ਆਈ ਜਿੱਥੇ ਪਾਣੀ ਭਰਨ ਕਾਰਨ ਜਾਮ ਲੱਗ ਗਿਆ। ਘੰਟਿਆਂਬੱਧੀ ਲੋਕ ਜਾਮ ਵਿੱਚ ਪ੍ਰੇਸ਼ਾਨ ਹੁੰਦੇ ਰਹੇ। ਮੀਂਹ ਰੁਕਣ ਮਗਰੋਂ ਆਵਾਜਾਈ ਸੁਚਾਰੂ ਹੋਈ। ਸੜਕਾਂ ’ਤੇ ਪਾਣੀ ਭਰਨ ਕਾਰਨ ਚੰਡੀਗੜ੍ਹ-ਅੰਬਾਲਾ, ਜ਼ੀਰਕਪੁਰ-ਪੰਚਕੂਲਾ ਅਤੇ ਪਟਿਆਲਾ ਮਾਰਗ ’ਤੇ ਭਾਰੀ ਜਾਮ ਲੱਗ ਗਿਆ। ਜਾਮ ਵਿੱਚ ਫਸੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਅੱਜ ਸ਼ਾਮ ਪਹਿਲਾਂ ਹਲਕੀ ਬੂੰਦਾਬਾਂਦੀ ਸ਼ੁਰੂ ਹੋਈ ਅਤੇ ਥੋੜ੍ਹੀ ਦੇਰ ਵਿੱਚ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ। ਸ਼ਹਿਰ ਵਿੱਚ ਇੱਕ ਘੰਟਾ ਮੋਹਲੇਧਾਰ ਬਾਰਿਸ਼ ਪੈਂਦੀ ਰਹੀ, ਜਿਸ ਨਾਲ ਸ਼ਹਿਰ ਵਿੱਚ ਪਾਣੀ ਭਰ ਗਿਆ।
ਕੁਝ ਦੇਰ ਵਿੱਚ ਸ਼ਹਿਰ ਵਿੱਚੋਂ ਲੰਘ ਰਹੀਆਂ ਸਾਰੀ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਦੋਪਹੀਆ ਵਾਹਨਾਂ ਵਿੱਚ ਪਾਣੀ ਪੈਣ ਨਾਲ ਉਹ ਖ਼ਰਾਬ ਹੋ ਗਏ ਤੇ ਕੁਝ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਇਨ੍ਹਾਂ ਸੜਕਾਂ ’ਤੇ ਲੱਗੇ ਜਾਮ ਕਾਰਨ ਵਾਹਨ ਚਾਲਕਾਂ ਨੂੰ ਪੰਜ ਮਿੰਟ ਦਾ ਸਫ਼ਰ ਤੈਅ ਕਰਨ ਲਈ ਘੰਟਿਆਂਬੱਧੀ ਜਾਮ ਵਿੱਚ ਪ੍ਰੇਸ਼ਾਨ ਹੋਣਾ ਪਿਆ।
ਨਿਕਾਸੀ ਪ੍ਰਬੰਧਾਂ ਬਾਰੇ ਅਧਿਕਾਰੀਆਂ ਦੇ ਦਾਅਵੇ ਖੋਖਲੇ ਸਾਬਿਤ
ਪਾਣੀ ਭਰਨ ਪਿੱਛੇ ਅਧੂਰੇ ਨਿਕਾਸੀ ਪ੍ਰਬੰਧ ਹਨ। ਨਗਰ ਕੌਂਸਲ ਹਾਲੇ ਤੱਕ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਪ੍ਰਬੰਧ ਨੇਪਰੇ ਨਹੀਂ ਚਾੜ੍ਹ ਸਕੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੰਮੇ ਸਮੇਂ ਤੋਂ ਸੜਕਾਂ ਦੇ ਆਲੇ ਦੁਆਲੇ ਪਾਣੀ ਦੇ ਨਿਕਾਸੀ ਲਈ ਉਸਾਰੇ ਨਾਲਿਆਂ ਦੀ ਸਫ਼ਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਮੀਂਹ ਪੈਂਦੇ ਹੀ ਪਾਣੀ ਓਵਰਫਲੋਅ ਹੋ ਕੇ ਸੜਕਾਂ ’ਤੇ ਵਗਣ ਲੱਗ ਗਿਆ। ਲੰਮੇ ਸਮੇਂ ਤੋਂ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਪ੍ਰਬੰਧਾਂ ਮਜ਼ਬੂਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਇੱਥੋਂ ਦੇ ਪਟਿਆਲਾ ਚੌਕ, ਪਟਿਆਲਾ ਰੋਡ, ਮੈਟਰੋ ਸਟੋਰ ਦੇ ਸਾਹਮਣੇ ਅਤੇ ਵੀਆਈਪੀ ਰੋਡ, ਬਲਟਾਣਾ ਦੇ ਰਿਹਾਇਸ਼ੀ ਖੇਤਰ, ਢਕੋਲੀ ਖੇਤਰ ਵਿੱਚ ਸਭ ਤੋਂ ਵੱਧ ਪਾਣੀ ਭਰ ਗਿਆ। ਪਾਣੀ ਇੱਥੋਂ ਲੰਘ ਰਹੀ ਆਵਾਜਾਈ ਵਿੱਚ ਅੜਿੱਕਾ ਪੈਦਾ ਕਰਨ ਲੱਗ ਗਿਆ, ਜੋ ਜਾਮ ਦਾ ਮੁੱਖ ਕਾਰਨ ਸਾਬਤ ਹੋਈ।