ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਜੂਨ
ਯੂਟੀ ਦੇ ਦੋ ਸਰਕਾਰੀ ਕਾਲਜਾਂ ਵਿਚ ਹੋਸਟਲਾਂ ਦਾ ਨਿਰਮਾਣ ਸ਼ੁਰੂ ਹੋਣ ਜਾ ਰਿਹਾ ਹੈ ਪਰ ਇਨ੍ਹਾਂ ਵਿਚੋਂ ਇਕ ਕਾਲਜ ਦਾ ਮਾਮਲਾ ਅਦਾਲਤੀ ਘੁੰਮਣਘੇਰੀਆਂ ਵਿਚ ਫਸ ਗਿਆ ਹੈ। ਸੈਕਟਰ-42 ਦੇ ਕਾਲਜ ਵਿਚ ਹੋਸਟਲ ਦਾ ਨਿਰਮਾਣ ਹੋਣ ਨਾਲ ਵਿਦਿਆਰਥੀਆਂ ਨੂੰ ਪੇਇੰਗ ਗੈਸਟਜ਼ ਵੱਲ ਰੁਖ਼ ਨਹੀਂ ਕਰਨਾ ਪਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੋਸਟਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਵਿਚ ਹੋਸਟਲ ਨਿਰਮਾਣ ਲਈ ਟੈਂਡਰ ਵੀ ਹੋ ਗਿਆ ਪਰ ਦੂਜੇ ਨੰਬਰ ’ਤੇ ਟੈਂਡਰ ਦੇਣ ਵਾਲੇ ਨੇ ਪ੍ਰਕਿਰਿਆ ਵਿਚ ਊਣਤਾਈਆਂ ਦੇ ਦੋਸ਼ ਲਗਾ ਕੇ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਹੈ। ਇਸ ਕਾਲਜ ਵਿਚ ਚਾਰ ਮੰਜ਼ਿਲਾ ਹੋਸਟਲ ਬਣਾਇਆ ਜਾਵੇਗਾ। ਦੂਜੇ ਪਾਸੇ ਪੋਸਟਗਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ-42 ਵਿਚ ਹੋਸਟਲ ਬਣਾਉਣ ਲਈ 23.64 ਕਰੋੜ ਮਨਜ਼ੂਰ ਹੋਏ ਹਨ ਜਿਸ ਤੋਂ ਬਾਅਦ ਹੋਸਟਲ ਦੇ ਨਿਰਮਾਣ ਲਈ ਤਿੰਨ ਕੰਪਨੀਆਂ ਨੇ ਬੋਲੀ ਦਿੱਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਟੈਕਨੀਕਲ ਬਿੱਡ ਨੂੰ ਖੋਲ੍ਹਣ ਦੀ ਮਨਜ਼ੂਰੀ ਮੰਗੀ ਹੈ ਤੇ ਮਨਜ਼ੂਰੀ ਮਿਲਣ ਤੋਂ ਬਾਅਦ ਜਲਦੀ ਹੀ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੈਕਟਰ-42 ਦੇ ਕਾਲਜ ਵਿਚ ਹੋਸਟਲ ਬਣਾਉਣ ਦੀ ਮਨਜ਼ੂਰੀ ਵਿੱਤ ਸਕੱਤਰ ਵੀਕੇ ਸਿੰਘ ਨੇ ਛੇ ਸਾਲ ਪਹਿਲਾਂ ਦਿੱਤੀ ਸੀ। ਇਸ ਤੋਂ ਬਾਅਦ ਉਚ ਸਿੱਖਿਆ ਵਿਭਾਗ ਕੋਲ ਫੰਡਾਂ ਦੀ ਘਾਟ ਕਾਰਨ ਇਹ ਮਾਮਲਾ ਲਟਕਦਾ ਚਲਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਟੈਕਨੀਕਲ ਬਿੱਡ ਖੋਲ੍ਹਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਤਿੰਨਾਂ ਕੰਪਨੀਆਂ ਦੀ ਫਾਇਨਾਂਸ਼ੀਅਲ ਬਿੱਡ ਖੋਲ੍ਹੀ ਜਾਵੇਗੀ ਤੇ ਘੱਟ ਰੇਟ ਦੇਣ ਵਾਲੀ ਕੰਪਨੀ ਨੂੰ ਕੰਮ ਅਲਾਟ ਕਰ ਦਿੱਤਾ ਜਾਵੇਗਾ। ਇਸ ਵੇਲੇ ਕਰੋਨਾ ਦਾ ਕਹਿਰ ਹੋਣ ਕਾਰਨ ਕਾਲਜਾਂ ਵਿਚ ਦਾਖਲੇ ਸ਼ੁਰੂ ਹੋਣ ਬਾਰੇ ਸਪਸ਼ਟਤਾ ਨਹੀਂ ਹੈ ਪਰ ਹਰ ਸਾਲ ਸ਼ਹਿਰ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿਚ ਦਾਖਲਿਆਂ ਦੇ ਚਲਦੇ ਵਿਦਿਆਰਥੀਆਂ ਨੂੰ ਹੋਸਟਲਾਂ ਵਿਚ ਦਾਖਲੇ ਨਹੀਂ ਮਿਲਦੇ। ਇਸ ਦਾ ਕਾਰਨ ਸ਼ਹਿਰ ਦੇ ਕਾਲਜਾਂ ਦੇ ਹੋਸਟਲਾਂ ਵਿਚ ਸੀਟਾਂ ਸੀਮਤ ਹੋਣਾ ਹੈ ਪਰ ਹੋਸਟਲ ਦਾ ਨਿਰਮਾਣ ਹੋਣ ਨਾਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ।
ਸਰਕਾਰੀ ਕਾਲਜਾਂ ’ਚ ਤਿੰਨ ਨਵੇਂ ਹੋਸਟਲ ਬਣਨਗੇ: ਡਾਇਰੈਕਟਰ
ਡਾਇਰੈਕਟਰ (ਹਾਇਰ ਐਜੂਕੇਸ਼ਨ) ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਸਰਕਾਰੀ ਕਾਲਜ ਫਾਰ ਕਾਮਰਸ ਐਂਡ ਬਿਜਨਸ ਐਡਮਨਿਸਟਰੇਸ਼ਨ ਸੈਕਟਰ-50 ਵਿਚ ਵੀ ਹੋਸਟਲ ਬਣਾਉਣ ਨੂੰ ਮਨਜ਼ੂਰੀ ਮਿਲ ਗਈ ਹੈ ਤੇ ਸਰਕਾਰੀ ਕਾਲਜ ਸੈਕਟਰ-42 ਵਿਚ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਵਲੋਂ ਜਲਦੀ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ। ਪੋਸਟਗਰੈਜੂਏਟ ਸਰਕਾਰੀ ਕਾਲਜ-46 ਦੀ ਪ੍ਰਿੰਸੀਪਲ ਡਾ. ਰੋਜ਼ੀ ਵਾਲੀਆ ਜੋਸ਼ੀ ਨੇ ਦੱਸਿਆ ਕਿ ਕਾਲਜ ਵਿਚ ਹੋਸਟਲ ਦੇ ਨਿਰਮਾਣ ਲਈ ਇਸ ਸੈਸ਼ਨ ਦੇ 16 ਕਰੋੜ ਰੁਪਏ ਮਨਜ਼ੂਰ ਹੋ ਗਏ ਹਨ ਜਿਸ ਲਈ ਟੈਂਡਰ ਵੀ ਹੋ ਗਏ ਹਨ ਪਰ ਠੇਕੇਦਾਰ ਨੇ ਇਸ ਮਾਮਲੇ ਵਿਚ ਅਦਾਲਤ ਕੋਲ ਪਹੁੰਚ ਕੀਤੀ ਹੈ ਜਿਸ ਕਾਰਨ ਹਾਲ ਦੀ ਘੜੀ ਕੰਮ ਰੁਕ ਗਿਆ ਹੈ।