ਕੁਲਦੀਪ ਸਿੰਘ
ਚੰਡੀਗੜ੍ਹ, 16 ਫ਼ਰਵਰੀ
ਚੰਡੀਗੜ੍ਹ ਮਿਊਂਸਿਪਲ ਕਾਰਪੋਰੇਸ਼ਨ ਹਾਰਟੀਕਲਚਰ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਅੱਜ ਨਗਰ ਨਿਗਮ ਦੇ ਬਾਗਬਾਨੀ ਕਰਮਚਾਰੀਆਂ ਵੱਲੋਂ ਸੈਕਟਰ 17 ਸਥਿਤ ਨਿਗਮ ਦਫ਼ਤਰ ਦੇ ਸਾਹਮਣੇ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਕਰਮਚਾਰੀਆਂ ਨੇ ਨਿਗਮ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਊਟਸੋਰਸ ਕਰਮਚਾਰੀਆਂ ਦੀਆਂ ਤਨਖਾਹਾਂ ਤੁਰੰਤ ਰਿਲੀਜ਼ ਕਰਨ ਦੀ ਮੰਗ ’ਤੇ ਜ਼ੋਰ ਦਿੱਤਾ।
ਯੂਨੀਅਨ ਦੇ ਜਨਰਲ ਸਕੱਤਰ ਰਘਵੀਰ, ਪ੍ਰਧਾਨ ਹਰਕੇਸ਼ ਚੰਦ, ਐਮ. ਸੁਬਰਾਮਨੀਅਮ, ਸੋਹਣ ਸਿੰਘ ਤੇ ਰਾਮਬਖਸ਼ ਨੇ ਕਿਹਾ ਕਿ ਨਗਰ ਨਿਗਮ ਦੇ ਬਾਗਬਾਨੀ ਵਿਭਾਗ ਦੇ ਅਧਿਕਾਰੀ ਅਤੇ ਠੇਕੇਦਾਰ ਕੰਪਨੀ ਆਊਟਸੋਰਸ ਕਰਮਚਾਰੀਆਂ ਦਾ ਕਥਿਤ ਤੌਰ ’ਤੇ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਮਹੀਨੇ ਉਨ੍ਹਾਂ ਨੂੰ 15-20 ਤਰੀਕ ਤੱਕ ਵੀ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਕਰਮਚਾਰੀਆਂ ਦਾ ਪੀ.ਐੱਫ. ਅਤੇ ਈ.ਐੱਸ.ਆਈ. ਦੇ ਵੇਰਵੇ ਉਪਲਬਧ ਨਹੀਂ ਕਰਵਾਏ ਜਾਂਦੇ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਤਨਖਾਹਾਂ ਰਿਲੀਜ਼ ਕਰਵਾਉਣ ਦਾ ਭਰੋਸਾ
ਮੁਲਾਜ਼ਮ ਜਥੇਬੰਦੀਆਂ ’ਤੇ ਅਧਾਰਿਤ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਰਜਿੰਦਰ ਕਟੋਚ ਤੇ ਧਿਆਨ ਸਿੰਘ ਨੇ ਦੱਸਿਆ ਕਿ ਰੈਲੀ ਉਪਰੰਤ ਵਿਭਾਗ ਦੇ ਅਧਿਕਾਰੀ ਪ੍ਰਿਤਪਾਲ ਸਿੰਘ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਤਨਖਾਹਾਂ ਤੁਰੰਤ ਰਿਲੀਜ਼ ਕਰਵਾਉਣ ਦਾ ਭਰੋਸਾ ਦਿੱਤਾ। ਇਸ ਉਪਰੰਤ ਰੈਲੀ ਸਮਾਪਤ ਕਰ ਦਿੱਤੀ ਗਈ।