ਪੱਤਰ ਪ੍ਰੇਰਕ
ਲਾਲੜੂ, 21 ਅਕਤੂਬਰ
ਪਿੰਡ ਹੰਸਾਲਾ ਦੇ ਖੇਤਾਂ ਵਿੱਚ ਤੇਂਦੂਏ ਹੋਣ ਦੀ ਖ਼ਬਰ ਕਾਰਨ ਅੱਧਾ ਦਰਜਨ ਪਿੰਡਾਂ ਵਿੱਚ ਦਹਿਸਤ ਦਾ ਮਾਹੌਲ ਹੈ। ਹੰਸਾਲਾ ਵਾਸੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5.45 ਵਜੇ ਉਹ ਟਰੈਕਟਰ ਨਾਲ ਖੇਤ ਵਾਹ ਰਿਹਾ ਸੀ ਤਾਂ ਝਾੜੀ ਪਿੱਛੇ ਤੇਂਦੁਆ ਵਰਗਾ ਜਾਨਵਰ ਦਿਖਾਈ ਦਿੱਤਾ। ਉਸ ਨੇ ਟਿਊਬਵੈੱਲ ਦੇ ਕੋਠੇ ’ਚ ਸੋਂ ਰਹੇ ਕੰਬਾਈਨ ਚਾਲਕਾਂ ਨੁੂੰ ਬੁਲਾਇਆ ਜੋ ਅੱਧੇ ਘੰਟੇ ਤੱਕ ਤੇਂਦੂਏ ਨੂੰ ਵੇਖਦੇ ਰਹੇ। ਇਸ ਮਗਰੋਂ ਪਿੰਡ ਦੇ ਗੁਰਦੁਆਰੇ ਵਿੱਚ ਅਨਾਊਂਸਮੈਂਟ ਕਰਵਾਈ ਕਿ ਕੋਈ ਵਿਅਕਤੀ ਖੇਤਾਂ ਵਿੱਚ ਇਕੱਲਾ ਨਾ ਜਾਵੇ। ਤੇਂਦੂਏ ਕਾਰਨ ਪਿੰਡ ਰਾਜੋਮਾਜਰਾ, ਹੁੰਬੜਾ, ਅਮਲਾਲਾ, ਚਡਿਆਲਾ, ਬੈਰਮਾਜਰਾ, ਮਮੌਲੀ ਤੇ ਮਨੌਲੀ ਸੂਰਤ ’ਚ ਸਹਿਮ ਪਾਇਆ ਜਾ ਰਿਹਾ ਹੈ। ਵਣ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਲਕੇ ਉਹ ਪਿੰਜਰਾ ਲਾਉਣਗੇ ਤਾਂ ਜੋ ਜਾਨਵਰ ਨੁੂੰ ਫੜਿਆ ਜਾ ਸਕੇ।