ਜਗਮੋਹਨ ਸਿੰਘ ,
ਘਨੌਲੀ 11 ਦਸੰਬਰ
ਜ਼ਿਲ੍ਹਾ ਰੂਪਨਗਰ ਪੁਲੀਸ ਵੱਲੋਂ ਖਣਨ ਠੇਕੇਦਾਰ ਦੇ ਕਰਿੰਦਿਆਂ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿੱਚ ਗ਼ੈਰਕਾਨੂੰਨੀ ਨਾਕਿਆਂ ’ਤੇ ਮੌਜੂਦ ਪਾਏ ਜਾਣ ਦੇ ਦੋਸ਼ ਅਧੀਨ ਕੇਸ ਦਰਜ ਕੀਤੇ ਗਏ ਹਨ। ਪੁਲੀਸ ਵੱਲੋਂ ਇਹ ਕਾਰਵਾਈ ਡਾਇਰੈਕਟਰ ਮਾਈਨਸ ਜਲ ਸਰੋਤ ਵਿਭਾਗ ਪੰਜਾਬ ਵੱਲੋਂ 27 ਅਕਤੂਬਰ ਨੂੰ ਐੱਸਐੱਸਪੀ ਰੂਪਨਗਰ ਨੂੰ ਲਿਖੇ ਗਏ ਪੱਤਰ ਦੇ ਆਧਾਰ ’ਤੇ ਕੀਤੀ ਗਈ ਹੈ। ਜ਼ਿਲ੍ਹਾ ਰੂਪਨਗਰ ਪੁਲੀਸ ਦੇ ਵੱਖ ਵੱਖ ਥਾਣਿਆਂ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਵਾਸੀ ਸਿੰਘਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜੁਝਾਰ ਸਿੰਘ ਕਲਵਾਂ ਅਤੇ ਹਰਵਿੰਦਰ ਸਿੰਘ ਕਲਵਾਂ ਦੇ ਵਿਰੁੱਧ ਨੂਰਪੁਰ ਬੇਦੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ, ਜਦਕਿ ਆਸ਼ੂ ਰਾਣਾ ਖ਼ਿਲਾਫ਼ ਕੀਰਤਪੁਰ ਸਾਹਿਬ ਤੇ ਦੀਪਕ ਗੁਪਤਾ ਖ਼ਿਲਾਫ਼ ਰੂਪਨਗਰ ਸਦਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਡਾਇਰੈਕਟਰ ਮਾਈਨਜ਼ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਪੱਤਰ ਵਿੱਚ ਜ਼ਿਲ੍ਹਾ ਰੂਪਨਗਰ ਦੀਆਂ ਸੜਕਾਂ ’ਤੇ ਚੱਲ ਰਹੇ ਗੁੰਡਾ ਟੈਕਸ ਦੀ ਵਸੂਲੀ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੱਲ ਰਹੇ ਇਕ ਕੇਸ ਬਚਿੱਤਰ ਸਿੰਘ ਬਨਾਮ ਸਟੇਟ ਆਫ ਪੰਜਾਬ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਸੀ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਜ਼ਿਲ੍ਹਾ ਰੂਪਨਗਰ ਦੀਆਂ ਵੱਖ ਵੱਖ ਸੜਕਾਂ ’ਤੇ ਲਾਏ ਨਾਕਿਆਂ ਦੀ ਚੈਕਿੰਗ ਦੌਰਾਨ ਮਾਈਨਿੰਗ ਠੇਕੇਦਾਰ ਅਧੀਨ ਕੰਮ ਕਰਦੇ ਪੰਜ ਕਰਮਚਾਰੀ ਗ਼ੈਰਕਾਨੂੰਨੀ ਨਾਕਿਆਂ ਤੇ ਮੌਜੂਦ ਪਾਏ ਗਏ ਸਨ, ਜਿਨ੍ਹਾਂ ਵਿੱਚੋਂ ਜਸਬੀਰ ਸਿੰਘ ਕਾਹਨਪੁਰ ਖੂਹੀ ਦੀ ਚੈਕਿੰਗ ਦੌਰਾਨ, ਜੁਝਾਰ ਸਿੰਘ ਤੇ ਹਰਵਿੰਦਰ ਸਿੰਘ ਕਲਵਾਂ ਮੌੜ ਦੀ ਚੈਕਿੰਗ ਦੌਰਾਨ, ਆਸ਼ੂ ਰਾਣਾ ਭਰਤਗੜ੍ਹ ਦੀ ਚੈਕਿੰਗ ਦੌਰਾਨ ਅਤੇ ਦੀਪਕ ਗੁਪਤਾ ਮੀਆਂਪੁਰ ਦੀ ਚੈਕਿੰਗ ਦੌਰਾਨ ਮੌਜੂਦ ਪਾਏ ਗਏ ਸਨ। ਹਾਲੇ ਤੱਕ ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਤੇ ਪੁਲੀਸ ਨੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।