ਕਰਮਜੀਤ ਸਿੰਘ ਚਿੱਲਾ
ਬਨੂੜ, 2 ਅਪਰੈਲ
ਚੰਡੀਗੜ੍ਹ ਦੇ ਪਿੰਡ ਡੱਡੂਮਾਜਰਾ ਵਿੱਚ ਹੋਲੇ ਮਹੱਲਾ ਮੌਕੇ ਕਰਾਈਆਂ ਗਈਆਂ ਖਾਲਸਈ ਖੇਡਾਂ ਵਿੱਚ ਬਨੂੜ ਦੇ ਖਿਡਾਰੀਆਂ ਨੇ ਵੱਡੀ ਪੱਧਰ ’ਤੇ ਜਿੱਤਾਂ ਦਰਜ ਕੀਤੀਆਂ ਹਨ। ਜੇਤੂ ਖਿਡਾਰੀਆਂ ਅਤੇ ਕੋਚ ਕੋਚ ਸਵਰਨ ਸਿੰਘ ਬਾਜਵਾ ਨੂੰ ਸਨਮਾਨਿਤ ਕਰਨ ਲਈ ਅੱਜ ਬਨੂੜ ਸਟੇਡੀਅਮ ਵਿੱਚ ਸਨਮਾਨ ਸਮਾਗਮ ਕੀਤਾ ਗਿਆ। ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਬਾਗਾ, ਸੇਵਾ ਮੁਕਤ ਖੇਡ ਲੈਕਚਰਾਰ ਪਰਮਜੀਤ ਸਿੰਘ ਸੰਧੂ ਅਤੇ ਸਰਬਜੀਤ ਸਿੰਘ ਸਰਬੀ ਨੇ ਸਾਰਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਖਿਡਾਰੀਆਂ ਦੇ ਮਾਪੇ ਵੀ ਮੌਜੂਦ ਸਨ।
ਕੋਚ ਸਵਰਨ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਅੱਠ ਐਥਲੀਟਾਂ ਨੇ ਸੋਨੇ ਦੇ ਤਗਮੇ, ਪੰਜ ਅਥਲੀਟਾਂ ਨੇ ਚਾਂਦੀ ਅਤੇ ਤਿੰਨ ਨੇ ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਪੰਜਾਬ ਪੱਧਰ ਦੀ ਜਲੰਧਰ ਤੇ ਸੰਗਰੂਰ ਵਿੱਚ ਹੋਈ ਓਪਨ ਐਥਲੈਟਿਕ ਮੀਟ ਵਿੱਚ ਪਹਿਲੇ ਸਥਾਨਾਂ ’ਤੇ ਰਹੇ ਗੁਰਲੀਨ ਕੌਰ, ਰੁਦਰਾ, ਚਰਨਜੋਤ, ਅਮਨ ਕੁਮਾਰ ਅਤੇ ਬੰਟੀ ਦਾ ਵੀ ਸਨਮਾਨ ਕੀਤਾ ਗਿਆ।
ਖਿਜ਼ਰਾਬਾਦ ਫੁਟਬਾਲ ਟੂਰਨਾਮੈਂਟ ਸ਼ੁਰੂ; ਉਦਘਾਟਨੀ ਮੈਚ ’ਚ ਸਿੰਘਪੁਰਾ ਜੇਤੂ
ਕੁਰਾਲੀ (ਪੱਤਰ ਪ੍ਰੇਰਕ): ਨੇੜਲੇ ਪਿੰਡ ਖਿਜ਼ਰਾਬਾਦ ਵਿੱਚ ਫੁਟਬਾਲ ਕਲੱਬ ਅਤੇ ਗ੍ਰਾਮ ਪੰਚਾਇਤ (ਉੱਪਰਲੀ ਪੱਤੀ) ਵਲੋਂ ਫੁਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਸਹਿਕਾਰੀ ਬੈਂਕ ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਜੀਤੀ ਸਿੱਧੂ ਨੇ ਕੀਤਾ ਜਦਕਿ ਇਸਦੀ ਪ੍ਰਧਾਨਗੀ ਰਾਣਾ ਕੁਸ਼ਲਪਾਲ ਨੇ ਕੀਤੀ। ਸ੍ਰੀ ਜੀਤੀ ਸਿੱਧੂ ਨੇ 51 ਹਜ਼ਾਰ ਦੀ ਵਿੱਤੀ ਮਦਦ ਵੀ ਦਿੱਤੀ। ਇਸ ਦੌਰਾਨ ਉਦਘਾਟਨੀ ਮੈਚ ’ਚ ਸਿੰਘਪੁਰਾ ਦੀ ਟੀਮ ਨੇ ਕੁਰਾਲੀ ਦੀ ਟੀਮ ਨੂੰ ਹਰਾਇਆ। ਹੋਰਨਾਂ ਮੈਚਾਂ ਵਿੱਚ ਭੜੀ ਨੇ ਮਲਕਪੁਰ ਨੂੰ, ਬਹਾਦਰਪੁਰ ਨੇ ਲੋਧੀਮਾਜਰਾ ਨੂੰ, ਮੇਜ਼ਬਾਨ ਖਿਜ਼ਰਾਬਾਦ ਨੇ ਦੁਸਾਰਨਾ ਅਤੇ ਕੋਟਲਾ ਬਡਲਾ ਨੇ ਘਨੌਲੀ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ। ਤਿੰਨ ਦਿਨਾ ਟੂਰਨਾਮੈਂਟ ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।