ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 15 ਮਈ
ਸਪੋਰਟਸ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਦਿੱਲੀ ਵਿੱਚ ਵਿਕਲਾਂਗ ਖਿਡਾਰੀਆਂ ਦੀ ਕਰਾਈ ਕੌਮੀ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੇਤੂ ਰਹੇ ਅਥਲੀਟਾਂ ਦੇ ਸਨਮਾਨ ਲਈ ਇੱਥੋਂ ਦੇ ਫੇਜ਼-11 ਦੇ ਨੇਬਰ ਹੁੱਡ ਪਾਰਕ ਵਿੱਚ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਮੁਹਾਲੀ ਵਿੱਚ ਖਿਡਾਰੀਆਂ ਲਈ ਹਰ ਤਰ੍ਹਾਂ ਦੀ ਸਹੂਲਤ ਉਪਲਬੱਧ ਕਰਾ ਕੇ ਸਾਜ਼ਗਾਰ ਮਾਹੌਲ ਤਿਆਰ ਕਰਨ ਦਾ ਐਲਾਨ ਕੀਤਾ। ਸਮਾਰੋਹ ਦੇ ਪ੍ਰਬੰਧਕਾਂ ਸੁਖਦਰਸ਼ਨ ਲਿਖੀ ਨੇ ਦੱਸਿਆ ਕਿ ਪੰਜਾਬ ਦੇ 10 ਅਤੇ ਚੰਡੀਗੜ੍ਹ ਦੇ 5 ਵਿਕਲਾਂਗ ਖਿਡਾਰੀਆਂ ਨੇ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਕੇ ਇੱਕ ਸੋਨੇ ਦਾ, ਚਾਰ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗਮੇ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨੇਬਰ ਹੁੱਡ ਪਾਰਕ ਵਿੱਚ ਵਿਕਲਾਂਗ ਖਿਡਾਰੀਆਂ ਦਾ ਰੋਜ਼ਾਨਾ ਸਵੇਰੇ ਸ਼ਾਮ ਵੱਖ-ਵੱਖ ਖੇਡਾਂ ਦਾ ਅਭਿਆਸ ਕਰਾਇਆ ਜਾਂਦਾ ਹੈ। ਇਸ ਮੌਕੇ ਖੇਡ ਵਿਭਾਗ ਦੇ ਸਾਬਕਾ ਡਾਇਰੈਕਟਰ ਅਜੀਤ ਸਿੰਘ, ਬੈਂਕ ਮੈਨੇਜਰ ਜਸਵੰਤ ਸਿੰਘ ਤੇ ਸੁਖਦਰਸ਼ਨ ਲਿਖੀ ਚੇਅਰਮੈਨ ਆਦਿ ਹਾਜ਼ਰ ਸਨ।