ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 19 ਅਕਤੂਬਰ
ਮੁਹਾਲੀ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਮੁਕਾਬਲਿਆਂ ਦੇ ਪੰਜਵੇਂ ਦਿਨ ਅੱਜ ਫੁਟਬਾਲ ਅੰਡਰ-21 ਤੋਂ 40 ਪੁਰਸ਼ ਵਰਗ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਫਿਰੋਜ਼ਪੁਰ ਨੂੰ, ਬਠਿੰਡਾ ਨੇ ਫਤਹਿਗੜ੍ਹ ਸਾਹਿਬ ਨੂੰ ਅਤੇ ਸੰਗਰੂਰ ਨੇ ਪਠਾਨਕੋਟ ਨੂੰ ਹਰਾਇਆ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਲਾਅਨ ਟੈਨਿਸ 41-50 ਸਾਲ ਪੁਰਸ਼ ਵਰਗ ਵਿੱਚ ਪਟਿਆਲਾ ਨੇ ਪਹਿਲਾ, ਮੁਹਾਲੀ ਨੇ ਦੂਜਾ ਅਤੇ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਡਮਿੰਟਨ ਅੰਡਰ 40 ਤੋਂ 50 ਸਾਲ ਪੁਰਸ਼ ਵਰਗ ਵਿੱਚ ਬਠਿੰਡਾ ਨੇ ਤਰਨ ਤਾਰਨ ਨੂੰ ਅਤੇ ਪਟਿਆਲਾ ਨੇ ਮਾਨਸਾ ਨੂੰ ਹਰਾਇਆ।
ਉਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਗੜ੍ਹ ਦੀ ਜਸ਼ਨਪ੍ਰੀਤ ਕੌਰ ਨੇ 84 ਕਿਲੋ ਵਜ਼ਨ ਚੁੱਕ ਕੇ ਵੇਟ ਲਿਫ਼ਟਿੰਗ ਮੁਕਾਬਲੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਦੂਜਾ ਸਥਾਨ ਜਿੱਤਿਆ ਹੈ। ਸਕੂਲ ਦੀ ਪ੍ਰਿੰਸੀਪਲ ਸੰਧਿਆ ਸ਼ਰਮਾ ਨੇ ਦੱਸਿਆ ਕਿ 69 ਕਿਲੋ ਵਰਗ ਵਿੱਚ ਸਕੂਲ ਦੀ ਵਿਦਿਆਰਥਣ ਮਹਿਕ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਸੰਧਿਆ ਸ਼ਰਮਾ ਦੀ ਅਗਵਾਈ ਹੇਠਲੀ ਟੀਮ ਨੇ ਟੇਬਲ ਟੈਨਿਸ 50 ਸਾਲਾ ਉਮਰ ਵਰਗ ਵਿੱਚ ਤੀਜਾ ਸਥਾਨ ਹਾਸਿਲ ਕੀਤਾ।