ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਜੁਲਾਈ
ਇੱਥੋਂ ਦਾ ਸਰਕਾਰੀ ਹੋਮ ਸਾਇੰਸ ਕਾਲਜ ਸੈਕਟਰ-10 ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (ਐੱਨਆਈਆਰਐੱਫ) ਦੀ ਰੈਂਕਿੰਗ ਵਿੱਚ ਟਰਾਈਸਿਟੀ ਦੇ ਕਾਲਜਾਂ ਵਿੱਚੋਂ ਮੋਹਰੀ ਰਿਹਾ ਹੈ। ਇਸ ਰੈਂਕਿੰਗ ਵਿੱਚ ਕਾਲਜ ਨੇ 46ਵਾਂ ਸਥਾਨ ਹਾਸਲ ਕੀਤਾ ਹੈ ਜਦਕਿ ਪਿਛਲੇ ਸਾਲ ਕਾਲਜ ਨੇ 78ਵਾਂ ਸਥਾਨ ਹਾਸਲ ਕੀਤਾ ਸੀ। ਇਸ ਕਾਲਜ ਨੇ ਲਗਾਤਾਰ ਤੀਜੇ ਸਾਲ ਚੋਟੀ ਦੇ 100 ਕਾਲਜਾਂ ਵਿੱਚ ਥਾਂ ਬਣਾਈ ਹੈ। ਟਰਾਈਸਿਟੀ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿੱਚ ਹੋਮ ਸਾਇੰਸ ਕਾਲਜ ਹੀ ਇਕਲੌਤਾ ਕਾਲਜ ਹੈ ਜਿਸ ਨੇ ਚੋਟੀ ਦੇ 50 ਕਾਲਜਾਂ ਵਿੱਚ ਥਾਂ ਬਣਾਈ ਹੈ। ਦੂਜੇ ਪਾਸੇ ਸ਼ਹਿਰ ਦੇ ਹੋਰ ਨਿੱਜੀ ਤੇ ਸਰਕਾਰੀ ਕਾਲਜਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਸੁਧਾ ਕਟਿਆਲ ਨੇ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਇਸ ਨੂੰ ਕਾਲਜ ਦੇੇ ਸਟਾਫ ਦੀ ਮਿਹਨਤ ਦਾ ਨਤੀਜਾ ਕਰਾਰ ਦਿੱਤਾ। ਇਹ ਰੈਂਕਿੰਗ ਗਰੈਜੂਏਸ਼ਨ ਆਊਟਕਮ, ਟੀਚਿੰਗ ਲਰਨਿੰਗ ਰਿਸੋਰਸਿਜ਼, ਪਰਸੈਪਸ਼ਨ, ਆਊਟਰੀਚ ਐਂਡ ਰਿਸਰਚ ਐਂਡ ਪ੍ਰੋਫੈਸ਼ਨਲ ਪ੍ਰੈਕਟਿਸ ਦੇ ਆਧਾਰ ’ਤੇ ਜਾਂਚੀ ਜਾਂਦੀ ਹੈ।
ਸਕੂਲਾਂ ’ਚ ਜਾਇਜ਼ਾ ਲਵੇਗਾ ਬਾਲ ਕਮਿਸ਼ਨ
ਯੂਟੀ ਦੇ ਬਾਲ ਕਮਿਸ਼ਨ ਨੇ ਅੱਜ ਸਿੱਖਿਆ, ਸਿਹਤ, ਪੁਲੀਸ, ਜਨ ਸਿਹਤ, ਬਾਗਬਾਨੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਚੰਡੀਗੜ੍ਹ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ। ਇਸ ਮੌਕੇ ਫੈਸਲਾ ਲਿਆ ਗਿਆ ਕਿ ਬਾਲ ਕਮਿਸ਼ਨ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦਾ ਜਾਇਜ਼ਾ ਲਵੇਗਾ। ਬਾਲ ਕਮਿਸ਼ਨ ਨੇ ਸਕੂਲਾਂ ਨੂੰ ਸੁਰੱਖਿਆ ਸਬੰਧੀ ਸਵਾਲ ਭੇਜ ਕੇ ਕੁਝ ਸੁਝਾਅ ਵੀ ਮੰਗੇ ਹਨ।