ਕੁਲਦੀਪ ਸਿੰਘ
ਚੰਡੀਗੜ੍ਹ, 30 ਜੁਲਾਈ
ਆਖਿਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਸੀ.ਬੀ.ਐੱਸ.ਈ. ਵੱਲੋਂ 12ਵੀਂ ਜਮਾਤ ਦਾ ਨਤੀਜਾ ਅੱਜ ਘੋਸ਼ਿਤ ਕਰ ਦਿੱਤਾ ਗਿਆ ਜਿਸ ਦੌਰਾਨ ਵਿਦਿਆਰਥੀਆਂ ਨੇ ਸੁੱਖ ਦਾ ਸਾਹ ਲਿਆ। ਪ੍ਰਾਪਤ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸਰਕਾਰੀ ਮਾਡਲ ਹਾਈ ਸਕੂਲ ਹਾਊਸਿੰਗ ਬੋਰਡ ਕੰਪਲੈਕਸ ਤੋਂ ਕਾਮਰਸ ਗਰੁੱਪ ਵਿੱਚ ਖੁਸ਼ੀ ਅਤੇ ਏਜਸ ਨੇ 98.8 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਸਿਟੀ ਬਿਊਟੀਫੁੱਲ ਵਿੱਚੋਂ ਟੌਪ ਕੀਤਾ ਹੈ ਜਦੋਂਕਿ ਭਵਨ ਵਿਦਿਆਲਿਆ ਪੰਚਕੂਲਾ ਦੇ ਵਿਦਿਆਰਥੀ ਹਿਤੇਸ਼ਵਰ ਰਾਜਨ ਨੇ ਆਰਟਸ ਗਰੁੱਪ ਵਿੱਚ 99.8 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਟ੍ਰਾਈਸਿਟੀ ਵਿੱਚ ਟੌਪ ਕੀਤਾ।
ਬਲਾਈਂਡ ਇੰਸਟੀਚਿਊਟ ਸੈਕਟਰ-26 ਦੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਨੇ ਅੱਖਾਂ ਦੀ ਨਜ਼ਰ ਨਾ ਹੋਣ ਦੇ ਬਾਵਜੂਦ 94.8 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਨਾਮਣਾ ਖੱਟਿਆ ਹੈ। ਦਿੱਲੀ ਪਬਲਿਕ ਸਕੂਲ ਸੈਕਟਰ- 40 ਦੀ ਹਿਊਮੈਨਟੀਜ਼ ਗਰੁੱਪ ਦੀ ਵਿਦਿਆਰਥਣ ਕ੍ਰਿਤਿਕਾ ਗਰਗ ਨੇ 97.20 ਪ੍ਰਤੀਸ਼ਤ ਅੰਕ ਹਾਸਿਲ ਕੀਤੇ।
ਕੁੱਲ ਮਿਲਾ ਕੇ ਚੰਡੀਗੜ੍ਹ ਦਾ ਨਤੀਜਾ 99.47 ਪ੍ਰਤੀਸ਼ਤ ਰਿਹਾ ਹੈ ਅਤੇ ਦੇਸ਼ ਭਰ ਵਿੱਚ ਚੰਡੀਗੜ੍ਹ ਰੀਜ਼ਨ ਸੱਤਵੇਂ ਸਥਾਨ ਉਤੇ ਰਿਹਾ ਹੈ। ਚੰਡੀਗੜ੍ਹ ਰੀਜ਼ਨ ਵਿੱਚ ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਦੇ ਵਿਦਿਆਰਥੀ ਸ਼ਾਮਿਲ ਹਨ।
ਪੜ੍ਹਾਈ ਕਰਕੇ ਆਈ.ਏ.ਐਸ. ਬਣਨਾ ਚਾਹੁੰਦਾ ਹੈ ਅੰਮ੍ਰਿਤਪਾਲ ਚੰਡੀਗੜ੍ਹ ਪੁਲੀਸ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਬਲਦੇਵ ਸਿੰਘ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਭਾਵੇਂ ਦੋਵੇਂ ਅੱਖਾਂ ਤੋਂ ਦੇਖਣ ਤੋਂ ਅਸਮਰਥ ਹੈ ਪ੍ਰੰਤੂ ਉਸ ਦੇ ਸੁਪਨੇ ਵੱਡੇ ਹਨ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਉਹ ਪੜ੍ਹਾਈ ਪੂਰੀ ਕਰਨ ਉਪਰੰਤ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਦੇ ਕੇ ਆਈ.ਏ.ਐਸ. ਅਫ਼ਸਰ ਬਣਨਾ ਚਾਹੁੰਦਾ ਹੈ ਤਾਂ ਕਿ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਸਕੇ। ਪੜ੍ਹਾਈ ਤੋਂ ਇਲਾਵਾ ਉਹ ਹੋਰ ਵੀ ਕਾਫ਼ੀ ਕੁਝ ਸਿੱਖਣ ਵਿੱਚ ਦਿਲਚਸਪੀ ਰੱਖਦਾ ਹੈ। ਪੜ੍ਹਾਈ ਕਰਵਾਉਣ ਵਿੱਚ ਉਸ ਦੇ ਪਿਤਾ ਕੋਈ ਕਸਰ ਨਹੀਂ ਛੱਡਦੇ ਅਤੇ ਉਸ ਦੀ ਹਰ ਇੱਛਾ ਪੂਰੀ ਕੀਤੀ ਜਾਂਦੀ ਹੈ।
ਲਾਅ ਐਡਮਿਸ਼ਨ ਟੈਸਟ ਵਿੱਚ ਅਨੀਸ਼ ਟ੍ਰਾਈਸਿਟੀ ਵਿੱਚੋਂ ਪਹਿਲੇ ਥਾਂ ’ਤੇ
ਖਰੜ (ਪੱਤਰ ਪ੍ਰੇਰਕ) ਖਰੜ ਦੇ ਵਸਨੀਕ ਅਤੇ ਅਵਿਨਾਸ਼ ਗੁਪਤਾ ਅਤੇ ਸ੍ਰੀਮਤੀ ਰੁਚੀਕਾ ਗੁਪਤਾ ਦੇ ਪੁੱਤਰ ਅਨੀਸ਼ ਗੁਪਤਾ ਨੇ ਅੱਜ ਘੋਸ਼ਿਤ ਹੋਏ ਕੋਮਨ ਲਾਅ ਐਡਮਿਸ਼ਨ ਟੈਸਟ ਦੇ ਨਤੀਜਿਆਂ ਵਿਚ ਟ੍ਰਾਈਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸਨੇ ਆਲ ਇੰਡੀਆ ਵਿੱਚ ਰੈਂਕ 17 ਅਤੇ ਪੰਜਾਬ ਵਿੱਚ ਤੀਸਰਾ ਰੈਂਕ ਪ੍ਰਾਪਤ ਕੀਤਾ ਹੈ। ਇਸ ਕਾਮਯਾਬੀ ’ਤੇ ਉਸਦੇ ਘਰ ਵੱਡੀ ਗਿਣਤੀ ਵਿੱਚ ਲੋਕੀਂ ਵਧਾਈਆਂ ਦੇਣ ਆਏ ਅਤੇ ਉਸਦੇ ਪਰਿਵਾਰ ਵੱਲੋਂ ਉਸਦਾ ਮੂੰਹ ਮਿੱਠਾ ਕਰਵਾਇਆ ਗਿਆ। ਹੁਣ ਉਹ ਅਤਿ ਪ੍ਰਸਿੱਧ ਨੈਸ਼ਨਲ ਲਾਅ ਯੂਨੀਵਰਸਿਟੀ ਬੰਗਲੌਰ ਵਿੱਚ ਅਗਲੀ ਪੜ੍ਹਾਈ ਕਰੇਗਾ।