ਜਗਮੋਹਨ ਸਿੰਘ
ਘਨੌਲੀ, 6 ਅਕਤੂਬਰ
ਇਸ ਸਾਲ ਬਾਹਰਲੇ ਸੂਬਿਆਂ ਦੇ ਕਿਸਾਨਾਂ ਲਈ ਘਨੌਲੀ ਮੰਡੀ ਵਿੱਚ ਝੋਨਾ ਵੇਚਣਾ ਮੁਸ਼ਕਲ ਹੋ ਗਿਆ ਹੈ। ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਘਨੌਲੀ ਅਨਾਜ ਮੰਡੀ ਨੂੰ ਆਉਂਦੇ ਰਸਤੇ ’ਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪਿਛਲੇ ਸੀਜ਼ਨ ਦੌਰਾਨ ਵੀ ਬਾਹਰੀ ਰਾਜਾਂ ਦੇ ਕਿਸਾਨਾਂ ਦਾ ਝੋਨਾ ਖ਼ਰੀਦਣ ਦੀ ਮਨਾਹੀ ਸੀ, ਪਰ ਹਿਮਾਚਲ ਦੇ ਕਿਸਾਨਾਂ ਵੱਲੋਂ ਘਨੌਲੀ ਅਤੇ ਭਰਤਗੜ੍ਹ ਦੀਆਂ ਮੰਡੀਆਂ ਵਿੱਚ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪੁਆ ਕੇ ਟੇਢੇ ਢੰਗ ਨਾਲ ਆਪਣੀ ਫ਼ਸਲ ਵੇਚਣ ਵਿੱਚ ਸਫਲ ਹੋ ਗਏ ਸਨ। ਇਸ ਲਈ ਪੰਜਾਬ ਦੇ ਬਹੁਤੇ ਕਿਸਾਨ ਆਪਣੀ ਫ਼ਸਲ ਵੇਚਣ ਤੋਂ ਵਾਂਝੇ ਰਹਿ ਗਏ ਸਨ। ਏਐਸਆਈ ਪਰਮਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਬਿੱਕੋਂ ਨੇੜੇ ਤਾਇਨਾਤ ਪੁਲੀਸ ਟੀਮ ਵੱਲੋਂ ਹਿਮਾਚਲ ਦੇ ਕਿਸਾਨਾਂ ਦੀਆਂ ਝੋਨੇ ਦੀਆਂ ਟਰਾਲੀਆਂ ਨੂੰ ਬੇਰੰਗ ਵਾਪਸ ਮੋੜਿਆ ਜਾ ਰਿਹਾ ਹੈ।
ਬਨੂੜ ਬੈਰੀਅਰ ’ਤੇ 24 ਘੰਟੇ ਚੈਕਿੰਗ
ਬਨੂੜ (ਪੱਤਰ ਪ੍ਰੇਰਕ): ਬਾਹਰੋਂ ਆਉਂਦੇ ਝੋਨੇ ਨੂੰ ਰੋਕਣ ਲਈ ਪ੍ਰਸ਼ਾਸ਼ਨ ਨੇ ਸਖ਼ਤ ਵਧਾ ਦਿੱਤੀ ਹੈ। ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਬਨੂੜ ਦੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਦੀ ਦੇਖ-ਰੇਖ ਹੇਠ ਬਨੂੜ ਬੈਰੀਅਰ ਉੱਤੇ ਪੱਕਾ ਨਾਕਾ ਸਥਾਪਤ ਕਰ ਦਿੱਤਾ ਗਿਆ ਹੈ। ਨਾਕੇ ’ਤੇ ਪੁਲੀਸ ਤੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਦੀ 12-12 ਘੰਟੇ ਲਈ ਪੱਕੀ ਤਾਇਨਾਤੀ ਕਰ ਦਿੱਤੀ ਗਈ ਹੈ।