ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
ਇਥੋਂ ਦੀ ਵਿਰਾਸਤ ਦੀ ਦੇਖਭਾਲ ਲਈ ਬਣਾਈ ਗਈ ਹੈਰੀਟੇਜ ਪ੍ਰੋਟੈਕਸ਼ਨ ਸੈੱਲ ਦੀ ਮੀਟਿੰਗ ਅੱਜ ਦੋ ਸਾਲਾਂ ਬਾਅਦ ਹੋਈ। ਮੀਟਿੰਗ ਦੀ ਪ੍ਰਧਾਨਗੀ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਮਈ ਮਹੀਨੇ ਵਿੱਚ ਫਰਾਂਸ ਦਾ ਵਫਦ ਚੰਡੀਗੜ੍ਹ ਵਿੱਚ ਪਹੁੰਚ ਰਿਹਾ ਹੈ। ਵਫਦ ਵੱਲੋਂ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਅਤੇ ਹੋਰ ਸਾਮਾਨ ਦੀ ਦੇਖਭਾਲ ਲਈ ਵਿਚਾਰ-ਚਰਚਾ ਕੀਤੀ ਜਾਵੇਗੀ।
ਇਸੇ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਲਾਹਕਾਰ ਨੂੰ ਸ਼ਹਿਰ ਦੇ ਵਿਰਾਸਤੀ ਫਰਨੀਚਰ ਬਾਰੇ ਜਾਣਕਾਰੀ ਦਿੱਤੀ। ਚੀਫ਼ ਆਰਕੀਟੈਕਟ ਕਪਿਲ ਸੇਤੀਆ ਨੇ ਕਿਹਾ ਕਿ ਹੈਰੀਟੇਜ ਫਰਨੀਚਰ ਵਾਲੀਆਂ ਥਾਵਾਂ ਦੀ ਦੇਖਭਾਲ ਕਰਨਾ ਯੂਟੀ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਹੈ। ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਕਿਹਾ ਕਿ ਸ਼ਹਿਰ ਵਿਚਲੇ ਵਿਰਾਸਤੀ ਫਰਨੀਚਰ ਦੀ ਦੇਖਭਾਲ ਲਈ ਲੀਗਲ ਫਰੇਮਵਰਕ ਦੀ ਲੋੜ ਹੈ। ਮੀਟਿੰਗ ਵਿੱਚ ਅਧਿਕਾਰੀਆਂ ਨੂੰ ਵਿਰਾਸਤੀ ਫਰਨੀਚਰ ਵਿੱਚ ਅਸਲੀ ਅਤੇ ਨਕਲੀ ਦੇ ਫਰਕ ਬਾਰੇ ਜਾਣੂੰ ਕਰਵਾਇਆ ਗਿਆ।
ਕਮੇਟੀ ਦੇ ਮੈਂਬਰ ਅਜੈ ਜੱਗਾ ਨੇ ਚੰਡੀਗੜ੍ਹ ਦੇ ਵਿਰਾਸਤੀ ਫਰਨੀਚਰ ਦੇ ਸ਼ਹਿਰ ਤੋਂ ਬਾਹਰ ਜਾਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਵਿਰਾਸਤੀ ਫਰਨੀਚਰ ਵਿਦੇਸ਼ਾਂ ਵਿੱਚ ਨਿਲਾਮ ਹੋ ਰਿਹਾ ਹੈ ਜਦੋਂ ਕਿ ਚੰਡੀਗੜ੍ਹ ਦੇ ਫਰਨੀਚਰ ਨੂੰ ਸ਼ਹਿਰ ਵਿੱਚ ਵਾਪਸ ਲਿਆਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਜੱਗਾ ਨੇ ਯੂਟੀ ਪ੍ਰਸ਼ਾਸਨ ਨੂੰ ਵਿਰਾਸਤੀ ਇਮਾਰਤਾਂ ਅਤੇ ਹੋਰ ਸਾਮਾਨ ਦੀ ਦੇਖਭਾਲ ਲਈ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਮੰਗ ਪੱਤਰ ਵਿੱਚ ਵਾਰਾਨਸੀ ਵਿੱਚ ਵਿਰਾਸਤੀ ਫਰਨੀਚਰ ਦੀ ਦੇਖਭਾਲ ਲਈ ਚੁੱਕੇ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਰਾਸਤੀ ਫਰਨੀਚਰ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।