ਪੱਤਰ ਪ੍ਰੇਰਕ
ਖਰੜ, 19 ਜੂਨ
ਹਲਕੇ ਦੇ ਪਿੰਡ ਤਿਊੜ ਵਿੱਚ ਬੀਤੇ ਦਿਨ ਅੱਗ ਲੱਗ ਜਾਣ ਕਾਰਨ ਇੱਕ 5 ਸਾਲਾ ਬੱਚੇ ਦੀ ਮੌਤ ਹੋ ਗਈ ਸੀ ਅਤੇ ਲਗਪਗ 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ ਅਤੇ ਉਥੇ ਰਹਿੰਦੇ ਪਰਵਾਸੀ ਮਜ਼ਦੂਰ ਸੜਕਾਂ ’ਤੇ ਆ ਗਏ ਸਨ। ਅੱਜ ਖਰੜ ਪੱਤਰਕਾਰ ਸੰਘ ਰਜਿ. ਵੱਲੋਂ ਆਪਣੇ ਪੱਧਰ ’ਤੇ ਇਨ੍ਹਾਂ ਪੀੜਤ ਪਰਿਵਾਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ । ਸੰਘ ਵੱਲੋਂ ਇਕੱਠੇ ਕੀਤੇ ਕੱਪੜੇ, ਭਾਂਡੇ, ਚਾਦਰਾਂ ਅਤੇ ਖਾਣ ਪੀਣ ਦਾ ਸਾਮਾਨ ਪਿੰਡ ਤਿਊੜ ਜਾ ਕੇ ਸਰਕਾਰੀ ਸਕੂਲ ਜਿਥੇ ਇਹ ਪਰਵਾਸੀ ਮਜ਼ਦੂਰ ਫਿਲਹਾਲ ਰਹਿ ਰਹੇ ਹਨ ਉਥੇ ਜਾ ਕੇ ਪੰਚਾਇਤ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਪੱਤਰਕਾਰ ਸੰਘ ਦੇ ਸੀਨੀਅਰ ਮੈਂਬਰਾਨ ਤਰਸੇਮ ਸਿੰਘ ਜੰਡਪੁਰੀ, ਗੁਰਮੁਖ ਸਿੰਘ ਮਾਨ, ਗਗਨ ਸੂਰੀ ਅਤੇ ਪੰਕਜ ਚੱਢਾ ਮੌਜੂਦ ਸਨ। ਸਕੂਲ ਵਿੱਚ ਮੌਜੂਦ ਪਿੰਡ ਦੇ ਸਰਪੰਚ ਨਾਹਰ ਸਿੰਘ, ਲਾਲ ਹਰੀ ਚੰਦ, ਗੁਰਪ੍ਰੀਤ ਸਿੰਘ, ਮਦਨ ਸਿੰਘ, ਸਿਕੰਦਰ ਸਿੰਘ, ਨਰੇਸ਼ ਕੁਮਾਰ ਸਾਰੇ ਪੰਚਾਂ ਵੱਲੋਂ ਪੱਤਰਕਾਰ ਸੰਘ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਐੱਸਡੀਐੱਮ ਹਿਮਾਂਸ਼ੂ ਜੈਨ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੰਮ ਕੀਤਾ ਜਾ ਰਿਹਾ ਹੈ।