ਕੁਲਦੀਪ ਸਿੰਘ
ਚੰਡੀਗੜ੍ਹ, 18 ਅਪਰੈਲ
ਇਥੋਂ ਦੇ ਸਿਹਤ ਵਿਭਾਗ ਨੇ ‘ਆਜ਼ਾਦੀ ਦਾ ਅੰਮ੍ਰਿਤ’ ਮਹਾਉਤਸਵ ਪ੍ਰੋਗਰਾਮਾਂ ਦੀ ਲੜੀ ਵਜੋਂ ਮਨੀਮਾਜਰਾ ਦੇ ਗੋਬਿੰਦਪੁਰਾ ਸਥਿਤ ਕਮਿਊਨਿਟੀ ਸੈਂਟਰ ਵਿੱਚ ਚੱਲ ਰਹੇ ਹੈਲਥ ਐਂਡ ਵੈੱਲਨੈੱਸ ਸੈਂਟਰ ਦੀ ਚੌਥੀ ਵਰ੍ਹੇਗੰਢ ਦੇ ਸਬੰਧ ਵਿੱਚ ਸਿਹਤ ਮੇਲਾ ਲਗਾਇਆ। ਮੇਲੇ ਦਾ ਉਦਘਾਟਨ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤਾ ਗਿਆ। ਸਿਹਤ ਮੇਲੇ ਦੌਰਾਨ 500 ਤੋਂ ਵੱਧ ਨਾਗਰਿਕਾਂ ਨੇ ਸੇਵਾਵਾਂ ਦਾ ਲਾਭ ਲਿਆ ਅਤੇ ਆਮ ਲੋਕਾਂ ਨੂੰ ਈ-ਸੰਜੀਵਨੀ ਓ.ਪੀ.ਡੀ. ਦੀਆਂ ਟੈਲੀ-ਕੰਸਲਟੇਸ਼ਨ ਰਾਹੀਂ ਸੇਵਾਵਾਂ, ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਸਿਹਤ ਪਛਾਣ ਪੱਤਰ ਅਤੇ ਪ੍ਰਧਾਨ ਮੰਤਰੀ ਜਨ-ਅਰੋਗਿਆ ਯੋਜਨਾ ਦੇ ਈ-ਕਾਰਡ ਵੀ ਜਾਰੀ ਕੀਤੇ ਗਏ। ਇਸੇ ਦੌਰਾਨ ਹਾਈਪਰਟੈਨਸ਼ਨ, ਡਾਇਬੀਟੀਜ਼, ਕੈਂਸਰ, ਜਨਰਲ ਮੈਡੀਸਨ, ਜਣੇਪਾ ਅਤੇ ਬਾਲ ਸਿਹਤ ਨਾਲ ਸਬੰਧਤ ਬਿਮਾਰੀਆਂ ਲਈ ਸਕਰੀਨਿੰਗ ਕੀਤੀ ਗਈ। ਡਾਕਟਰਾਂ ਨੇ ਅੱਖਾਂ, ਚਮੜੀ, ਤਪਦਿਕ, ਪੋਸ਼ਣ, ਕੋਹੜ ਨਾਲ ਸਬੰਧਤ ਬਿਮਾਰੀਆਂ ਤੋਂ ਰੋਕਥਾਮ ਲਈ ਸਲਾਹ ਵੀ ਦਿੱਤੀ। ਸਮਾਜ ਭਲਾਈ ਵਿਭਾਗ, ਸਿੱਖਿਆ, ਇਸਤਰੀ ਤੇ ਬਾਲ ਵਿਕਾਸ, ਪੋਸ਼ਣ ਅਭਿਆਨ, ਸੂਚਨਾ ਅਤੇ ਪ੍ਰਸਾਰਨ ਮੰਤਰਾਲਾ, ਗੀਤ ਅਤੇ ਡਰਾਮਾ ਵਿਭਾਗ, ਖੇਡ ਵਿਭਾਗ, ਸੱਭਿਆਚਾਰਕ ਮਾਮਲੇ ਵਿਭਾਗ, ਡੀ.ਏ.ਵੀ.ਪੀ. ਆਦਿ ਵਿਭਾਗਾਂ ਨੇ ਵੀ ਸਿਹਤ ਨਾਲ ਸਬੰਧਿਤ ਵਿਸ਼ਿਆਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮੇਲੇ ਵਿੱਚ ਹਿੱਸਾ ਲਿਆ। ਅਗਲਾ ਸਿਹਤ ਮੇਲਾ 20 ਤੇ 22 ਅਪਰੈਲ ਨੂੰ ਕ੍ਰਮਵਾਰ ਸੈਕਟਰ 45 ਅਤੇ ਸੈਕਟਰ 22 ਦੇ ਹਸਪਤਾਲਾਂ ਵਿੱਚ ਲਾਇਆ ਜਾਵੇਗਾ।