ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਮਈ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ-2 ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਜ਼ਿਲ੍ਹਾ ਪੱਧਰੀ ਹਸਪਤਾਲ ਵਿਖੇ ਪਹਿਲੀ ਕੋਵਿਡ ਫਾਸਟ ਟੈਸਟਿੰਗ ਮਸ਼ੀਨ (ਐਬਟ ਆਈਡੀ ਨਾਓ ਮਸ਼ੀਨ) ਲੋਕਾਂ ਨੂੰ ਸਮਰਪਿਤ ਕੀਤੀ ਗਈ। ਇਹ ਮਸ਼ੀਨ ਅਮਰੀਕਾ ਆਧਾਰਿਤ ਸਮਾਜ ਸੇਵੀ ਸੰਸਥਾ ਪਾਥ ਵੱਲੋਂ ਦਾਨ ਵਿੱਚ ਦਿੱਤੀ ਗਈ ਹੈ। ਖੇਤਰੀ ਪ੍ਰੋਗਰਾਮ ਅਫ਼ਸਰ ਡਾ. ਸੁਰਭੀ ਸੌਕੰਦ ਨੇ ਦੱਸਿਆ ਕਿ ਸੰਸਥਾ ਨੇ 6 ਹਜ਼ਾਰ ਰੈਪਿਡ ਕਿੱਟਾਂ ਅਤੇ 2 ਹਜ਼ਾਰ ਟੈਸਟ ਕਿੱਟਾਂ ਵੀ ਦਾਨ ਕੀਤੀਆਂ ਹਨ। ਡਾ. ਪ੍ਰੀਤੀ ਸਰੀਨ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਪਾਜ਼ੇਟਿਵ ਮਰੀਜ਼ ਦੀ ਰਿਪੋਰਟ 5 ਮਿੰਟ ਅਤੇ ਨੈਗੇਟਿਵ ਮਰੀਜ਼ ਦੀ ਰਿਪੋਰਟ 15 ਮਿੰਟ ਵਿੱਚ ਮਿਲ ਸਕੇਗੀ। ਇਹ ਮਸ਼ੀਨ ਦਿਨ ਵਿੱਚ 30 ਟੈਸਟ ਕਰ ਸਕਦੀ ਹੈ। ਉਨ੍ਹਾਂ ਨੇ ਉਦਘਾਟਨ ਮੌਕੇ ਕਰੋਨਾ ਟੈਸਟਿੰਗ ਸਬੰਧੀ ਡੈਮੋ ਵੀ ਦਿਖਾਇਆ। ਸਿਹਤ ਮੰਤਰੀ ਨੇ ਕਿਹਾ ਕਿ ਕਈ ਵਾਰ ਕਰੋਨਾ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਇਆ ਜਾਂਦਾ ਹੈ ਕਿ ਉਸ ਨੂੰ ਲੈ ਕੇ ਆਉਣ ਵਾਲਿਆਂ ਨੂੰ ਵੀ ਕਰੋਨਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਲਈ ਇਹ ਮਸ਼ੀਨ ਬਹੁਤ ਸਹਾਈ ਹੋਵੇਗੀ। ਇਹ ਮਸ਼ੀਨ ਪੋਰਟੇਬਲ ਹੈ ਅਤੇ ਇਸ ਨੂੰ ਪਿੰਡਾਂ ਵਿੱਚ ਵੀ ਟੈਸਟਿੰਗ ਲਈ ਲਿਜਾਇਆ ਜਾ ਸਕਦਾ ਹੈ। ਮਾਈਕਰੋ ਕੰਨਟੇਨਮੈਂਟ ਜ਼ੋਨਾਂ ਵਿੱਚ ਵੀ ਇਹ ਮਸ਼ੀਨ ਇਸਤੇਮਾਲ ਕੀਤੀ ਜਾ ਸਕਦੀ ਹੈ।