ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 22 ਸਤੰਬਰ
ਚੰਡੀਗੜ੍ਹ ਨਗਰ ਨਿਗਮ ਵਲੋਂ ਅੱਜ ਇੱਥੇ ਸੈਕਟਰ 38 ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ ਮੈਗਾ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਨਗਰ ਨਿਗਮ ਦੀਆਂ ਲਗਪਗ ਪੰਜ ਸੌ ਤੋਂ ਵੱਧ ਮਹਿਲਾ ਸਫ਼ਾਈ ਕਰਮਚਾਰੀਆਂ ਅਤੇ ਗਰੁੱਪ ਡੀ ਦੀਆਂ ਮਹਿਲਾ ਕਰਮਚਾਰੀਆਂ ਨੇ ਉਨ੍ਹਾਂ ਲਈ ਲਗਾਏ ਗਏ ਮੈਗਾ ਸਿਹਤ ਜਾਂਚ ਕੈਂਪ ਵਿੱਚ ਆਪਣੀ ਸਿਹਤ ਦੀ ਜਾਂਚ ਕਰਵਾਈ। ਇਹ ਕੈਂਪ ‘ਚੰਡੀਗੜ੍ਹ ਵੈੱਲਫੇਅਰ ਟਰੱਸਟ’ ਅਤੇ ‘ਤੇਰਾ ਹੀ ਤੇਰਾ ਮਿਸ਼ਨ’ ਹਸਪਤਾਲ ਦੇ ਸਹਿਯੋਗ ਨਾਲ ਸਵੱਛ ਅੰਮ੍ਰਿਤ ਮਹਾਉਤਸਵ ਦੀ 15 ਦਿਨਾਂ ਲੰਬੀ ਮੁਹਿੰਮ ਦੇ ਹਿੱਸੇ ਵਜੋਂ ਲਗਾਇਆ ਗਿਆ। ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਇਸ ਇਸ ਕੈਂਪ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਮਹਿਲਾ ਸਫ਼ਾਈ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਸ਼ਹਿਰ ਦੀ ਸਿਹਤ ਲਈ ਅਹਿਮ ਹਨ। ਉਨ੍ਹਾਂ ਸਫਾਈ ਕਾਮਿਆਂ ਨੂੰ ਕੰਮ ਕਰਦੇ ਸਮੇਂ ਸਾਰੇ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰਨ ਲਈ ਕਿਹਾ।
ਸਿਹਤ ਕੈਂਪ ਦੌਰਾਨ ਬਲੱਡ ਪ੍ਰੈਸ਼ਰ, ਸ਼ੂਗਰ, ਮੈਮੋਗ੍ਰਾਫੀ ਅਤੇ ਚਮੜੀ ਦੀ ਜਾਂਚ ਆਦਿ ਦੇ ਜਨਰਲ ਚੈਕਅੱਪ ਤੋਂ ਇਲਾਵਾ 100 ਦੇ ਕਰੀਬ ਮਹਿਲਾ ਸਫ਼ਾਈ ਕਰਮਚਾਰੀਆਂ ਨੂੰ ਕੋਵਿਡ-19 ਦੀ ਬੂਸਟਰ ਡੋਜ਼ ਵੀ ਲਗਾਈ ਗਈ। ਕੈਂਪ ਦੇ ਉਦਘਾਟਨ ਦੇ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਸਮੇਤ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸਬੰਧਤ ਸੰਸਥਾਵਾਂ ਦੇ ਅਹੁਦੇਦਾਰਾਂ ਵੀ ਹਾਜ਼ਰ ਸਨ।