ਪੱਤਰ ਪ੍ਰੇਰਕ
ਚੰਡੀਗੜ੍ਹ, 14 ਜੂਨ
ਸੀਟੀਯੂ ’ਚ ਨਵੀਂਆਂ ਖਰੀਦੀਆਂ ਟਿਕਟ ਕੱਟਣ ਵਾਲੀਆਂ ਮਸ਼ੀਨਾਂ ਕੰਡਕਟਰਾਂ ਲਈ ਸਿਰਦਰਦੀ ਬਣ ਗਈਆਂ ਹਨ। ਇਨ੍ਹਾਂ ਟਿਕਟ ਮਸ਼ੀਨਾਂ ਵਿੱਚੋਂ ਜਦੋਂ ਸਵਾਰੀ ਨੂੰ ਦੇਣ ਲਈ ਟਿਕਟ ਕੱਟੀ ਜਾਂਦੀ ਹੈ ਤਾਂ ਬਿਨਾਂ ਪ੍ਰਿੰਟ ਤੋਂ ਹੀ ਟਿਕਟ ਨਿੱਕਲ ਜਾਂਦੀ ਹੈ ਜਦੋਂਕਿ ਕੰਡਕਟਰ ਦੇ ਬੇਵਿਲ ਅਕਾਉਂਟ ’ਚ ਪੈਸੇ ਪੈ ਜਾਂਦੇ ਹਨ। ਇਸ ਕਾਰਨ ਕਈ ਵਾਰ ਕੰਡਕਟਰਾਂ ਨੂੰ ਤਿੰਨ ਜਾਂ ਚਾਰ ਸੌ ਰੁਪਏ ਅਪਣੀ ਜੇਬ ’ਚੋਂ ਜਮ੍ਹਾਂ ਕਰਵਾਉਣੇ ਪੈਂਦੇ ਹਨ ਕਿਉਂਕਿ ਸਵਾਰੀ ਬਿਨਾਂ ਪ੍ਰਿੰਟ ਦੀ ਟਿਕਟ ਲੈਣ ਤੋਂ ਇਨਕਾਰ ਕਰ ਦਿੰਦੀ ਹੈ। ਲੰਬੇ ਰੂਟ ’ਤੇ ਚੱਲਣ ਵਾਲੀਆਂ ਬੱਸਾਂ ਦੇ ਕੰਡਕਟਰਾਂ ਦੀ ਪ੍ਰੇਸ਼ਾਨੀ ਉਦੋਂ ਵਧ ਜਾਂਦੀ ਹੈ ਜਦੋਂ ਮਸ਼ੀਨਾਂ ਦੀ ਚਾਰਜਿੰਗ ਸਿਰਫ਼ ਇੱਕ ਸ਼ਿਫ਼ਟ ਤੱਕ ਹੀ ਚੱਲਦੀ ਹੈ ਤੇ ਕੰਡਕਟਰਾਂ ਨੂੰ ਕਾਫ਼ੀ ਦਿੱਕਤ ਆਉਂਦੀ ਹੈ।ਯੂਨੀਅਨ ਵੱਲੋਂ ਟਿਕਟ ਮਸ਼ੀਨਾਂ ਦੀ ਇਸ ਗੜਬੜੀ ਨੂੰ ਕਈ ਵਾਰ ਮੈਨੇਜਮੈਂਟ ਦੇ ਧਿਆਨ ’ਚ ਲਿਆਂਦਾ ਗਿਆ ਪਰ ਮੈਨੇਜਮੈਂਟ ਨੇ ਹਾਲੇ ਤੱਕ ਕੋਈ ਧਿਆਨ ਨਹੀਂ ਦਿੱਤਾ। ਸੀਟੀਯੂ ਮੈਨੇਜਮੈਂਟ ਵੱਲੋਂ ਘਟੀਆ ਕੁਆਲਿਟੀ ਦੀਆਂ ਖਰੀਦੀਆਂ ਟਿਕਟ ਮਸ਼ੀਨਾਂ ਤੇ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ ’ਚ ਯੂਨੀਅਨ ਪਿਛਲੇ ਸਮੇਂ ਤੋਂ ਪ੍ਰਦਰਸ਼ਨ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਟਿਕਟ ਮਸ਼ੀਨਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ 16 ਜੂਨ ਨੂੰ ਡਵੀਜ਼ਨਲ ਮੈਨੇਜਰ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧ ਵਿੱਚ ਸੰਪਰਕ ਕਰਨ ’ਤੇ ਸੀ.ਟੀ.ਯੂ. ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਕੰਡਕਟਰਾਂ ਨੂੰ ਨਵੀਆਂ ਮਸ਼ੀਨਾਂ ਜਨਵਰੀ ਤੋਂ ਦਿੱਤੀਆਂ ਹੋਈਆਂ ਹਨ ਜਿਨ੍ਹਾਂ ਦਾ ਟਰਾਇਲ ਚੱਲ ਰਿਹਾ ਹੈ। ਇਲੈਕਟ੍ਰੋਨਿਕ ਆਈਟਮ ਹੈ ਤੇ ਜੇ ਕਿਸੇ ਇੱਕ ਅੱਧੀ ਮਸ਼ੀਨ ’ਚ ਕੋਈ ਖਰਾਬੀ ਆਈ ਹੈ ਤਾਂ ਉਹ ਮੈਨੇਜਮੈਂਟ ਦੇ ਧਿਆਨ ਵਿੱਚ ਲਿਆਵੇ।