ਹਰਜੀਤ ਸਿੰਘ
ਜ਼ੀਰਕਪੁਰ, 22 ਜੁਲਾਈ
ਇਥੋਂ ਦੇ ਲੋਹਗੜ੍ਹ ਖੇਤਰ ਵਿੱਚ ਅੱਜ ਦਿਨ ਦਿਹਾੜੇ ਚਾਰ ਲੁਟੇਰਿਆਂ ਨੇ ਮੁਥੂਟ ਫਾਇਨੈਂਸ ਦੀ ਚੰਡੀਗੜ੍ਹ ਸੈਕਟਰ-34 ਦੀ ਬ੍ਰਾਂਚ ਦੇ ਮੈਨੇਜਰ ਦੇ ਘਰ ਬੰਦੂਕ ਦੇ ਦਮ ’ਤੇ ਡਾਕਾ ਮਾਰ ਕੇ ਲੱਖਾਂ ਰੁਪਏ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਲੁੱਟ ਲਏ। ਲੁੱਟ ਦੀ ਇਹ ਵਾਰਦਾਤ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਚਾਰੇ ਲੁਟੇਰਿਆਂ ਵਿੱਚੋਂ ਦੋ ਨੇ ਹੈਲਮਟ ਤੇ ਦੋ ਨੇ ਰੂਮਾਲ ਨਾਲ ਮੂੰਹ ਢੱਕਿਆ ਹੋਇਆ ਸੀ। ਲੁਟੇਰੇ ਦੋ ਘੰਟੇ ਘਰ ਵਿੱਚ ਰਹੇ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੋਹਗੜ੍ਹ ਖੇਤਰ ਵਿੱਚ ਸਥਿਤ ਸ਼ਰਮਾ ਐਸਟੇਟ ਦੇ ਮਕਾਨ ਨੰਬਰ 90 ਵਿੱਚ ਰਹਿੰਦੇ 65 ਸਾਲਾ ਦੇ ਜੈਦੇਵ ਗੋਇਲ ਨੇ ਦੱਸਿਆ ਕਿ ਉਹ ਯੂਨੀਅਨ ਬੈਂਕ ਤੋਂ ਡੀਜੀਐਮ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਚੰਡੀਗੜ੍ਹ ਸੈਕਟਰ-35 ਵਿੱਚ ਮੁਥੂਟ ਫਾਇਨਾਂਸ ’ਚ ਬਤੌਰ ਸਹਾਇਕ ਮੈਨੇਜਰ ਕੰਮ ਕਰਦਾ ਹੈ। ਘਰ ਵਿੱਚ ਉਸਦੀ ਪਤਨੀ ਨਰੇਸ਼ ਰਾਣੀ ਤੇ 40 ਸਾਲਾ ਦਾ ਲੜਕਾ ਕਪਿਲ ਗੋਇਲ ਤੇ ਨੌਕਰਾਣੀ ਮੌਜੂਦ ਸੀ। ਸਵੇਰ ਕਰੀਬ ਸਾਢੇ 11 ਵਜੇ ਘਰ ਵਿੱਚ ਨੌਕਰਾਣੀ ਦੇ ਨਾਲ ਇਕ ਲੁਟੇਰਾ ਦਾਖਲ ਹੋਇਆ ਜਿਸਨੇ ਆਉਂਦੇ ਹੀ ਨੌਕਰਾਣੀ ਨੂੰ ਬੰਦੂਕ ਦਿਖਾ ਕੇ ਬੰਧਕ ਬਣਾ ਲਿਆ। ਇਸ ਮਗਰੋਂ ਘਰ ਵਿੱਚ ਇਕ ਤੋਂ ਬਾਅਦ ਇਕ ਚਾਰ ਲੁਟੇਰੇ ਦਾਖ਼ਲ ਹੋ ਗਏ ਜਿਨ੍ਹਾਂ ਵਿੱਚੋਂ ਤਿੰਨ ਲੁੱਟੇਰਿਆਂ ਨੇ ਬੰਦੂਕ ਤੇ ਇਕ ਨੇ ਹੱਥ ਵਿੱਚ ਤਲਵਾਰ ਫੜੀ ਹੋਈ ਸੀ। ਲੁਟੇਰਿਆਂ ਨੇ ਆਉਂਦੇ ਹੀ ਇੰਟਰਨੈੱਟ ਕੁਨੈਕਸ਼ਨ ਕੱਟ ਦਿੱਤੇ ਤੇ ਉਸਦੇ ਲੜਕੇ ਦੀ ਗਰਦਨ ’ਤੇ ਤਲਵਾਰ ਰੱਖ ਕੇ ਘਰ ਵਿੱਚ ਜੋ ਵੀ ਹੈ ਉਨ੍ਹਾਂ ਦੇ ਹਵਾਲੇ ਕਰਨ ਨੂੰ ਕਿਹਾ। ਨਰੇਸ਼ ਰਾਣੀ ਡਰ ਗਈ ਜਿਸਨੇ ਘਰ ਵਿੱਚ ਪਏ ਸੋਨੇ, ਚਾਂਦੀ ਦੇ ਗਹਿਣੇ ਤੇ ਨਕਦੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਲੁਟੇਰੇ ਘਰ ’ਚ ਤਕਰੀਬਨ ਦੋ ਘੰਟੇ ਰਹੇ ਜਿਨ੍ਹਾਂ ਨੇ ਘਰ ਦੇ ਹਰ ਕਮਰੇ, ਅਲਮਾਰੀ ਸਮੇਤ ਕੋਨੇ ਕੋਨੇ ਦੀ ਫਰੋਲਾ ਫਰਾਲੀ ਕਰਕੇ ਕੀਮਤੀ ਸਮਾਨ ਲੁੱਟ ਕੇ ਅਸਾਨੀ ਨਾਲ ਦੋ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ। ਪੁਲੀਸ ਤੇ ਪਰਿਵਾਰ ਨੇ ਲੁੱਟੇ ਹੋਏ ਸਮਾਨ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਪਰਿਵਾਰਕ ਸੂਤਰਾਂ ਤੋਂ ਮੁਤਾਬਕ ਲੁੱਟ ਵਿੱਚ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟੀ ਗਈ ਹੈ।
ਵਾਰਦਾਤ ਤੋਂ ਬਾਅਦ ਐਸ.ਪੀ. (ਦਿਹਾਤੀ) ਰਵਜੋਤ ਕੌਰ ਗਰੇਵਾਲ, ਡੀ.ਐਸ.ਪੀ. ਜ਼ੀਰਕਪੁਰ ਅਮਰੋਜ਼ ਸਿੰਘ, ਥਾਣਾ ਮੁਖੀ ਇੰਸਪੈਕਅਰ ਓਂਕਾਰ ਸਿੰਘ ਬਰਾੜ ਸਮੇਤ ਸੀਆਈਏ ਸਟਾਫ਼ ਅਤੇ ਫੌਰੈਸਿੰਕ ਟੀਮ ਨੇ ਮੌਕੇ ਦਾ ਦੌਰਾ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।