ਜਗਮੋਹਨ ਸਿੰਘ/ਬੀਐਸ ਚਾਨਾ/ਸੰਜੀਵ ਬੱਬੀ
ਰੂਪਨਗਰ/ਆਨੰਦਪੁਰ ਸਾਹਿਬ/ਚਮਕੌਰ ਸਾਹਿਬ, 10 ਮਾਰਚ
ਜ਼ਿਲ੍ਹੇ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਮੁੱਖ ਮੰਤਰੀ, ਵਿਧਾਨ ਸਭਾ ਸਪੀਕਰ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਹਰਾ ਦਿੱਤਾ ਹੈ।
ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਨੂੰ 82132 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ 36352, ਭਾਜਪਾ ਦੇ ਪਰਮਿੰਦਰ ਸ਼ਰਮਾ ਨੂੰ 11433, ਅਕਾਲੀ ਦਲ ਤੇ ਬੀਐਸਪੀ ਉਮੀਦਵਾਰ ਨਿਤਿਨ ਨੰਦਾ ਨੂੰ 5923, ਸ਼੍ਰੋਮਣੀ ਅਕਾਲੀ ਦਲ (ਅ) ਦੇ ਰਣਜੀਤ ਸਿੰਘ ਨੂੰ 1459 ਤੇ ਸੰਯੁਕਤ ਸਮਾਜ ਮੋਰਚਾ ਦੇ ਸ਼ਮਸ਼ੇਰ ਸਿੰਘ ਸ਼ੇਰਾ ਨੂੰ 560 ਵੋਟਾਂ ਪ੍ਰਾਪਤ ਹੋਈਆਂ। ਨੋਟਾ ਨੂੰ 1290 ਵੋਟਾਂ ਪਈਆਂ ਤੇ ਅੱਧੀ ਦਰਜਨ ਉਮੀਦਵਾਰ ਨੋਟਾ ਤੋਂ ਵੀ ਘੱਟ ਵੋਟਾਂ ਪ੍ਰਾਪਤ ਕਰ ਸਕੇ।
ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਆਪ ਉਮੀਦਵਾਰ ਡਾ. ਚਰਨਜੀਤ ਸਿੰਘ ਨੂੰ 70248 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 62306, ਅਕਾਲੀ ਬਸਪਾ ਗੱਠਜੋੜ ਉਮੀਦਵਾਰ ਹਰਮੋਹਨ ਸਿੰਘ ਸੰਧੂ ਨੂੰ 3802, ਭਾਜਪਾ ਦੇ ਦਰਸ਼ਨ ਸਿੰਘ ਸ਼ਿਵਜੋਤ ਨੂੰ 2514 ਤੇ ਸ਼ੋ੍ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਖਵੀਰ ਸਿੰਘ ਨੂੰ 6974 ਵੋਟਾਂ ਪ੍ਰਾਪਤ ਹੋਈਆਂ। ਇਸ ਹਲਕੇ ਵਿੱਚ ਵੀ 2 ਸਰਕਾਰੀ ਮੁਲਾਜ਼ਮਾਂ ਸਮੇਤ 713 ਵਿਅਕਤੀਆਂ ਨੇ ਨੋਟਾ ਦੀ ਵਰਤੋਂ ਕੀਤੀ ਤੇ ਨੋਟਾ ਨੂੰ ਬਾਕੀ ਬਚੇ 4 ਉਮੀਦਵਾਰਾਂ ਤੋਂ ਜ਼ਿਆਦਾ ਵੋਟਾਂ ਪਈਆਂ ਹਨ।
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਆਪ ਦੇ ਉਮੀਦਵਾਰ ਦਿਨੇਸ਼ ਚੱਢਾ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ 23632 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਆਪ ਦੇ ਦਿਨੇਸ਼ ਚੱਢਾ ਨੂੰ 59903 ਵੋਟਾਂ ਪ੍ਰਾਪਤ ਹੋਈਆਂ, ਕਾਂਗਰਸ ਦੇ ਬਰਿੰਦਰ ਸਿੰਘ ਢਿੱਲੋਂ ਨੂੰ 36271, ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਡਾ. ਦਲਜੀਤ ਸਿੰਘ ਚੀਮਾ ਨੂੰ 22338, ਭਾਜਪਾ ਦੇ ਇਕਬਾਲ ਸਿੰਘ ਲਾਲਪੁਰਾ ਨੂੰ 10067 ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੂਬੇਦਾਰ ਅਵਤਾਰ ਸਿੰਘ (ਜੋ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਸਨ) ਨੂੰ 3329 ਵੋਟਾਂ ਪਈਆਂ। ਵਿਧਾਨ ਸਭਾ ਹਲਕਾ ਰੂਪਨਗਰ ਵਿਖੇ ਨੋਟਾ ਦਾ 686 ਵੋਟਰਾਂ ਨੇ ਇਸਤੇਮਾਲ ਕੀਤਾ ਅਤੇ ਇਸ ਹਲਕੇ ਵਿੱਚ ਨੋਟਾ ਨੂੰ ਪਈਆਂ ਵੋਟਾਂ ਸਿਰਫ ਇੱਕ ਆਜ਼ਾਦ ਉਮੀਦਵਾਰ ਤੋਂ ਹੀ ਜ਼ਿਆਦਾ ਹਨ।