ਐੱਸ.ਏ.ਐੱਸ. ਨਗਰ (ਮੁਹਾਲੀ): ਇੱਥੋਂ ਦੇ ਸੈਕਟਰ-70 ਸਥਿਤ (ਪਿੰਡ ਮਟੌਰ) ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਲੰਘੀ ਦੇਰ ਰਾਤ ਦੋ ਅਣਪਛਾਤੇ ਨੌਜਵਾਨਾਂ ਨੇ ਮੰਦਰ ਵਿੱਚ ਵੱਖ-ਵੱਖ ਥਾਵਾਂ ’ਤੇ ਲੱਗੀਆਂ 6 ਗੋਲਕਾਂ ਦੇ ਤਾਲੇ ਤੋੜ ਕੇ ਲਗਪਗ 40 ਹਜ਼ਾਰ ਰੁਪਏ ਦਾ ਚੜ੍ਹਾਵਾ ਚੋਰੀ ਕਰ ਲਿਆ। ਚੋਰੀ ਦੀ ਘਟਨਾ ਮੰਦਰ ਵਿੱਚ ਲੱਗੇ ਸੀਸੀਟੀਵੀ ਵੀ ਕੈਦ ਹੋ ਗਈ ਹੈ। ਮੰਦਰ ਦੇ ਸੇਵਾਦਾਰ ਹੁਕਮ ਚੰਦ ਨੇ ਦੱਸਿਆ ਕਿ ਚੋਰਾਂ ਨੇ ਮੰਦਰ ਵਿੱਚ ਪੱਕੀਆਂ ਫਿਕਸ 3 ਗੋਲਕਾਂ ਦੇ ਤਾਲੇ ਕੱਟ ਕੇ ਉਨ੍ਹਾਂ ’ਚੋਂ ਨਗਦੀ ਚੋਰੀ ਕੀਤੀ ਗਈ ਜਦੋਂਕਿ ਬਾਕੀ ਦੀਆਂ 3 ਗੋਲਕਾਂ ਨੂੰ ਉਹ ਆਪਣੇ ਨਾਲ ਲੈ ਗਏ। ਸੂਚਨਾ ਮਿਲਦਿਆਂ ਹੀ ਮਟੌਰ ਪੁਲੀਸ ਦੇ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਚੋਰੀ ਦੀ ਵਾਰਦਾਤ ਦਾ ਜਾਇਜ਼ਾ ਲਿਆ। -ਪੱਤਰ ਪ੍ਰੇਰਕ