ਆਤਿਸ਼ ਗੁਪਤਾ
ਚੰਡੀਗੜ੍ਹ, 1 ਜੂਨ
ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਵਿੱਚ ਲੰਘੀ ਰਾਤ ਮੁੜ ਆਏ ਮੀਂਹ ਅਤੇ ਹਨੇਰੀ ਨੇ ਕਾਫ਼ੀ ਨੁਕਸਾਨ ਕੀਤਾ ਹੈ। ਇੱਥੇ ਕਈ ਥਾਵਾਂ ’ਤੇ ਦਰੱਖਤ ਉਖੜ ਗਏ ਤੇ ਕਈ ਥਾਵਾਂ ’ਤੇ ਬਿਜਲੀ ਸਪਲਾਈ ਬੰਦ ਰਹੀ। ਉੱਧਰ ਸੜਕਾਂ ’ਤੇ ਡਿੱਗੇ ਦਰੱਖਤਾਂ ਕਰਕੇ ਦੁਪਹਿਰ ਤੱਕ ਆਵਾਜਾਈ ਪ੍ਰਭਾਵਿਤ ਹੋ ਸਕੀ। ਸ਼ਹਿਰ ਵਿੱਚ ਲੰਘੀ ਰਾਤ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ-ਤਿੰਨ ਦਿਨ ਤੇਜ਼ ਹਵਾਵਾਂ ਅਤੇ ਹਨੇਰੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਲੰਘੀ ਰਾਤ ਚੰਡੀਗੜ੍ਹ ਵਿੱਚ 18.2 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਉਪਰਲਾ ਤਾਪਮਾਨ 8 ਡਿਗਰ ਸੈਲਸੀਅਸ ਹੇਠਾਂ ਡਿੱਗ ਗਿਆ ਹੈ। ਜਿਸ ਕਰਕੇ ਵੱਧ ਤੋਂ ਵੱਧ ਤਾਪਮਾਨ 31.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 20.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅਗਲੇ ਤਿੰਨ ਵੀ ਟਰਾਈਸਿਟੀ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਲਾਲੜੂ (ਸਰਬਜੀਤ ਸਿੰਘ ਭੱਟੀ) ਬੀਤੀ ਰਾਤ ਆਏ ਤੇਜ਼ ਹਨੇਰੀ ਤੇ ਮੀਂਹ ਕਾਰਨ ਇਲਾਕੇ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ. ਸ਼ਹਿਰੀ ਖੇਤਰਾਂ ’ਚ 14 ਤੋਂ 18 ਘੰਟੇ ਤੱਕ ਬਿਜਲੀ ਬੰਦ ਰਹੀ। ਬਿਜਲੀ ਦੇ ਦੋ ਦਰਜਨ ਤੋਂ ਜ਼ਿਆਦਾ ਖੰਭੇ ਹਨੇਰੀ ਵਿੱਚ ਟੁੱਟ ਜਾਣ ਕਾਰਨ ਬਿਜਲੀ ਸਪਲਾਈ ਬਹਾਲ ਨਹੀ ਹੋ ਸਕੀ, ਜਿਸ ਲਈ ਵਿਭਾਗ ਦੇ ਕਰਮਚਾਰੀ ਸਪਲਾਈ ਬਹਾਲ ਕਰਨ ਵਿੱਚ ਲੱਗੇ ਹਨ, ਜੋ ਘਰੇਲੂ ਤੇ ਸਨਅਤੀ ਖਪਤਕਾਰਾਂ ਦੀ ਸਪਲਾਈ ਬਹਾਲ ਕਰਨ ਨੂੰ ਤਰਜੀਹ ਦੇ ਰਹੇ ਹਨ। ਇਲਾਕੇ ’ਚ 20 ਤੋਂ 25 ਬਿਜਲੀ ਦੇ ਖੰਭੇ ਹਨੇਰੀ ਵਿੱਚ ਟੁੱਟ ਜਾਣ ਕਾਰਨ ਲਾਲੜੂ ਮੰਡੀ ਸ਼ਹਿਰ ਤੇ ਦਰਜਨਾ ਪਿੰਡਾਂ ਦੀ ਸਪਲਾਈ ਠੱਪ ਹੋ ਗਈ।
ਪੰਚਕੂਲਾ (ਪੀ.ਪੀ. ਵਰਮਾ) ਪੰਚਕੂਲਾ ਤੇ ਇਸਦੇ ਆਸਪਾਸ ਦੇ ਕਸਬਿਆਂ ਵਿੱਚ ਆਈ ਭਾਰੀ ਬਰਸਾਤ ਨੇ ਜਨਜੀਵਨ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਪੰਚਕੂਲਾ ਦੇ ਸ਼ਹਿਰੀ ਖੇਤਰ, ਮੋਰਨੀ ਤੇ ਬਰਵਾਲਾ ’ਚ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਟੁੱਟ ਗਏ ਜਿਸ ਕਾਰਨ ਬਿਜਲੀ ਸਪਲਾਈ ਕਈ ਘੰਟੇ ਗੁੱਲ ਰਹੀ ਜਿਸ ਕਾਰਨ ਸ਼ਹਿਰ ਤੇ ਕਸਬਿਆਂ ਵਿੱਚ ਬਲੈਕ ਆਊਟ ਰਿਹਾ। ਬਿਜਲੀ ਨਾ ਆਉਣ ਕਾਰਨ ਕਸਬਿਆਂ ਵਿੱਚ ਪਾਣੀ ਵਾਲੇ ਸਰਕਾਰੀ ਟਿਊਵੈੱਲ ਵੀ ਖੜ੍ਹ ਗਏ ਜਿਸ ਕਾਰਨ ਲੋਕਾਂ ਨੇ ਪਾਣੀ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਪਾਣੀ ਦੇ ਟੈਂਕਰ ਮੰਗਵਾ ਕੇ ਕੰਮ ਸਾਰਿਆ। ਮੋਰਨੀ ਵਿੱਚ ਸਰਕਾਰੀ ਟਿਊਵੈੱਲ ਖੜ੍ਹ ਜਾਣ ਕਾਰਨ ਲੋਕਾਂ ਨੂੰ ਦੂਰ ਦਰਾਜ ਦੀਆਂ ਬਾਊੜੀਆਂ ਤੋਂ ਪਾਣੀ ਲਿਆਉਣਾ ਪਿਆ। ਰਾਏਪੁਰਰਾਣੀ ਬਲਾਕ ’ਚ ਵੀ ਬਿਜਲੀ ਨਾ ਆਉਣ ਕਾਰਨ ਦੋ ਦਰਜਨ ਪਿੰਡਾਂ ਦੀ ਪਾਣੀ ਦੀ ਸਪਲਾਈ ਬੰਦ ਹੋ ਗਈ। ਪੰਚਕੂਲਾ ਸੈਕਟਰ-20 ਦੀ 105 ਨੰ. ਸੁਸਾਇਟੀ ’ਚ ਸੀਵਰੇਜ ਬੰਦ ਹੋਣ ਕਾਰਨ ਲਿਫਟਾਂ ’ਚ ਪਾਣੀ ਭਰ ਗਿਆ।
ਬਿਜਲੀ ਦੀ ਨਾਕਸ ਸਪਲਾਈ ਤੋਂ ਭੜਕੇ ਪਿੰਡ ਰਾਮਗੜ੍ਹ ਭੁੱਡਾ ਵਾਸੀ
ਜ਼ੀਰਕਪੁਰ (ਹਰਜੀਤ ਸਿੰਘ) ਪਿੰਡ ਰਾਮਗੜ੍ਹ ਭੁੱਡਾ ’ਚ ਬਿਜਲੀ ਦੀ ਨਾਕਸ ਸਪਲਾਈ ਤੋਂ ਭੜਕੇ ਪਿੰਡ ਵਾਸੀਆਂ ਨੇ ਪਾਵਰਕੌਮ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਲੋਕਾਂ ਨੂੰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੋ ਦਿਨਾਂ ਤੋਂ ਪਿੰਡ ਵਿੱਚ ਬਿਜਲੀ ਦੀ ਸਪਲਾਈ ਨਹੀਂ ਆ ਰਹੀ ਜਿਸਦਾ ਹੱਲ ਕਰਨ ਵਿੱਚ ਪਾਵਰਕੌਮ ਨਾਕਾਮ ਸਾਬਤ ਹੋ ਰਿਹਾ ਹੈ। ਪਿੰਡ ਦੇ ਵਸਨੀਕ ਕਰਮ ਸਿੰਘ, ਅਮਰਜੋਤ ਸਿੰਘ, ਪਰਵਿੰਦਰ ਸਿੰਘ, ਹਰਮਨਦੀਪ ਸਿੰਘ, ਹਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਵਿੱਚ ਬਿਜਲੀ ਸਪਲਾਈ ਭਬਾਤ ਗਰਿੱਡ ਤੋਂ ਕੀਤੀ ਜਾਂਦੀ ਹੈ। ਜਦੋਂਕਿ ਉਨ੍ਹਾਂ ਦੇ ਪਿੰਡ ਦੀ ਸ਼ਾਮਲਾਤ ਜ਼ਮੀਨ ’ਤੇ ਪਾਵਰਕੌਮ ਵੱਲੋਂ ਗਰਿੱਡ ਸਥਾਪਤ ਕੀਤਾ ਹੋਇਆ ਹੈ। ਪਰ ਉਨ੍ਹਾਂ ਦੇ ਪਿੰਡ ਨੂੰ ਹੀ ਇਸ ਗਰਿੱਡ ਤੋਂ ਬਿਜਲੀ ਸਪਲਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਨੇ ਕਿਹਾ ਕਿ ਪਿੰਡ ਭਬਾਤ ਦੂਰ ਹੋਣ ਕਾਰਨ ਨਿੱਤ ਦਿਹਾੜੇ ਲਾਈਨ ਵਿੱਚ ਕੋਈ ਨਾ ਕੋਈ ਨੁਕਸ ਪੈਣ ਕਾਰਨ ਬਿਜਲੀ ਸਪਲਾਈ ਠੱਪ ਹੋ ਜਾਂਦੀ ਹੈ। ਪਾਵਰਕੌਮ ਦੇ ਐਕਸੀਅਨ ਖ਼ੁਸ਼ਿਵੰਦਰ ਸਿੰਘ ਨੇ ਕਿਹਾ ਕਿ ਤੇਜ਼ ਹਨੇਰੀ ਕਾਰਨ ਇਹ ਦਿੱਕਤ ਆਈ ਹੈ। ਉਨ੍ਹਾਂ ਨੇ ਕਿਹਾ ਕਿ ਪਾਵਰਕੌਮ ਮੁਲਾਜ਼ਮ ਨੁਕਸ ਦੀ ਭਾਲ ਕਰ ਰਹੇ ਹਨ ਜਿਸ ਨੂੰ ਛੇਤੀ ਠੀਕ ਕਰ ਪਿੰਡ ਵਿੱਚ ਸਪਲਾਈ ਬਹਾਲ ਕਰ ਦਿੱਤੀ ਜਾਏਗੀ।