ਪੀ.ਪੀ ਵਰਮਾ
ਪੰਚਕੂਲਾ, 30 ਜੁਲਾਈ
ਹਰਿਆਣਾ ਸਰਕਾਰ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਸਕੂਲ ਅਗਸਤ ਮਹੀਨੇ ਖੋਲ੍ਹਣ ਦੀ ਤਿਆਰੀ ਵਿੱਚ ਹੈ। ਕਰੋਨਾ ਦੀ ਤੀਸਰੀ ਲਹਿਰ ਨਾ ਆਉਣ ਦੀ ਸਥਿਤੀ ਵਿੱਚ ਸਕੂਲ ਵਿਭਾਗ ਵੱਲੋਂ 50% ਬੱਚੇ ਹੀ ਸਕੂਲ ਵਿੱਚ ਬੁਲਾਏ ਜਾਣਗੇ। ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਸਕੂਲ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਕਰਨੀ ਹੋਵੇਗੀ। ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਕਰੋਨਾ ਨੂੰ ਲੈ ਕੇ ਸੂਬੇ ਵਿੱਚ ਸਥਿਤੀ ਨਿਯੰਤਰਣ ਵਿੱਚ ਹੈ। ਜੇ ਸਾਰਾ ਕੁਝ ਠੀਕ ਰਿਹਾ ਤਾਂ ਪੰਜਵੀਂ ਤੱਕ ਸਕੂਲ ਅਗਸਤ ਮਹੀਨੇ ਵਿੱਚ ਖੋਲ੍ਹੇ ਜਾਣਗੇ। ਸਕੂਲ ਖੋਲ੍ਹਣ ਤੋਂ ਪਹਿਲਾਂ ਇਹ ਜ਼ਰੂਰੀ ਕਰ ਲਿਆ ਜਾਵੇਗਾ ਕਿ ਕੀ ਕਲਾਸ ਵਿੱਚ ਇੱਕ ਡੈਸਕ ਉੱਤੇ ਇੱਕ ਹੀ ਵਿਦਿਆਰਥੀ ਬੈਠੇ। ਵਿਦਿਆਰਥੀਆਂ ਨੂੰ ਖਾਣਾ ਤੇ ਪਾਣੀ ਆਪਣੇ ਘਰ ਤੋਂ ਹੀ ਲੈ ਕੇ ਆਉਣਾ ਪਵੇਗਾ। ਸਭ ਤੋਂ ਜ਼ਰੂਰੀ ਗੱਲ ਹੈ ਕਿ ਬੱਚੇ ਨੂੰ ਸਕੂਲ ਭੇਜਣਾ ਹੈ ਜਾਂ ਨਹੀਂ, ਇਸ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ।
ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਸਕੂਲ ਵਿੱਚ ਹਾਜ਼ਰੀ ਨਹੀਂ ਲਾਉਣੀ ਹੋਵੇਗੀ। ਜਿਹੜੇ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਰੱਖਣਾ ਚਾਹੁੰਦੇ ਹਨ, ਉਹ ਪੜ੍ਹਾਈ ਆਨਲਾਈਂ ਜਾਰੀ ਰੱਖ ਸਕਦੇ ਹਨ। ਸਕੂਲ ਖੁੱਲ੍ਹਣ ਤੋਂ ਪਹਿਲਾਂ ਸਕੂਲਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਬੱਚਿਆਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ। ਅਧਿਆਪਕਾਂ ਨੂੰ ਬੱਚਿਆਂ ਦਾ ਪੂਰਾ ਖ਼ਿਆਲ ਰੱਖਣ ਲਈ ਕਿਹਾ ਜਾਵੇਗਾ।