ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਦਸੰਬਰ
ਇੱਥੋਂ ਦੇ ਹੱਲੋ ਮਾਜਰਾ ਲਾਈਟ ਪੁਆਇੰਟ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਾਜੂ ਕੁਮਾਰ ਵਾਸੀ ਸੈਕਟਰ-65 ਕੈਂਬਵਾਲਾ ਵਜੋਂ ਹੋਈ ਹੈ। ਥਾਣਾ ਸੈਕਟਰ-31 ਦੀ ਪੁਲੀਸ ਨੇ ਬੱਸ ਚਾਲਕ ਜੈ ਪ੍ਰਕਾਸ਼ ਵਾਸੀ ਰੋਹਤਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਰਿਸ਼ਤੇਦਾਰ ਪ੍ਰਿੰਸ ਕੁਮਾਰ ਵਾਸੀ ਬਿਹਾਰ ਦਾ ਕਹਿਣਾ ਸੀ ਕਿ ਮ੍ਰਿਤਕ ਉਸ ਦਾ ਰਿਸ਼ਤੇਦਾਰ ਹੈ ਜੋ ਕਿ ਹੱਲੋਮਾਜਰਾ ਲਾਈਟ ਪੁਆਇੰਟ ਤੋਂ ਗੁਜ਼ਰ ਰਿਹਾ ਸੀ। ਇਸੇ ਦੌਰਾਨ ਹਰਿਆਣਾ ਰੋਡਵੇਜ਼ ਦੀ ਬੱਸ ਹੇਠਾਂ ਆ ਗਿਆ, ਜਿਸ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮੁਲਜ਼ਮ ਨੂੰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਦੂਜਾ ਸੜਕ ਹਾਦਸਾ ਸੈਕਟਰ-56 ਨੇੜੇ ਹੋਇਆ। ਜਿੱਥੇ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਰੇਹੜੀ ਵਿੱਚ ਟੱਕਰ ਮਾਰ ਦਿੱਤੀ। ਇਸ ਕਾਰਨ ਰੇਹੜੀ ਚਾਲਕ ਕਮਲੇਸ਼ ਕੁਮਾਰ ਵਾਸੀ ਸੈਕਟਰ-56 ਜ਼ਖਮੀ ਹੋ ਗਿਆ। ਥਾਣਾ ਸੈਕਟਰ-39 ਦੀ ਪੁਲੀਸ ਨੇ ਮੋਟਰਸਾਈਕਲ ਚਾਲਕ ਪ੍ਰਿੰਸ ਵਾਸੀ ਸੈਕਟਰ-56 ਦੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ। ਮਨੀਮਾਜਰਾ ਲਾਈਟ ਪੁਆਇੰਟ ’ਤੇ ਕਾਰ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਪੀੜਤ ਦੀ ਪਛਾਣ ਕੇਸ਼ਵ ਮਹੇਸ਼ਵਰੀ ਵਾਸੀ ਸੈਕਟਰ-12 ਪੰਚਕੂਲਾ ਵਜੋਂ ਹੋਈ ਹੈ।
ਆਵਾਰਾ ਪਸ਼ੂ ਨਾਲ ਕਾਰ ਟਕਰਾਈ
ਬਨੂੜ (ਪੱਤਰ ਪ੍ਰੇਰਕ): ਇੱਥੋਂ ਅੰਬਾਲਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਬੀਤੀ ਰਾਤ 12 ਵਜੇ ਦੇ ਕਰੀਬ ਪਿੰਡ ਖਲੌਰ ਨੇੜੇ ਸੜਕ ਉੱਤੇ ਘੁੰਮਦੇ ਅਵਾਰਾ ਪਸ਼ੂਆਂ ਨਾਲ ਕਾਰ ਟਕਰਾ ਗਈ। ਬੇਕਾਬੂ ਹੋਈ ਕਾਰ ਖਦਾਨਾਂ ਵਿੱਚ ਜਾ ਡਿੱਗੀ ਤੇ ਕਾਰ ਵਿੱਚ ਮੌਜੂਦ ਦੋ ਨੌਜਵਾਨ ਜ਼ਖ਼ਮੀ ਹੋ ਗਏ। ਦੋਵੇਂ ਨੌਜਵਾਨ ਦਿੱਲੀ ਦੇ ਵਾਸੀ ਸਨ ਤੇ ਮਨਾਲੀ ਵਿੱਚ ਸੈਰ ਕਰਨ ਉਪਰੰਤ ਵਾਪਸ ਦਿੱਲੀ ਪਰਤ ਰਹੇ ਸਨ। ਦੋਵੇਂ ਨੌਜਵਾਨਾਂ ਨੂੰ ਪਿੱਛੇ ਆ ਰਹੀ ਇੱਕ ਹੋਰ ਕਾਰ ਦੇ ਚਾਲਕਾਂ ਨੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਕਾਰ ਬੁਰੀ ਤਰਾਂ ਨੁਕਸਾਨੀ ਗਈ।
ਸੜਕ ਹਾਦਸੇ ਵਿੱਚ ਜ਼ਖ਼ਮੀ
ਪੰਚਕੂਲਾ (ਪੱਤਰ ਪ੍ਰੇਰਕ): ਵਾਹਨ ਦੀ ਟੱਕਰ ਲੱਗਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਧੀ ਰੋਸ਼ਨੀ ਰਾਣੀ ਨਿਵਾਸੀ ਬੱਲਭਗੜ੍ਹ ਜ਼ਿਲ੍ਹਾ ਫਰੀਦਾਬਾਦ ਅਨੁਸਾਰ ਉਸ ਦੇ ਪਿਤਾ ਜਦੋਂ ਪੰਚਕੂਲਾ ਦੇ ਪਿੰਡ ਮੋਗੀਨੰਦ ਦੇ ਪੁਲੀਸ ਲਾਈਨ ਕੋਲ ਪੇਪਰ ਦਿਵਾ ਕੇ ਆ ਰਹੇ ਸਨ ਤਾਂ ਸੈਕਟਰ-25 ਪੰਚਕੂਲਾ ਵੱਲੋਂ ਆ ਰਹੇ ਵਾਹਨ ਨੇ ਟੱਕਰ ਮਾਰ ਦਿੱਤੀ। ਜ਼ਖਮੀ ਨੂੰ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਸੈਕਟਰ-6 ਵਿੱਚ ਦਾਖਲ ਕਰਵਾਇਆ ਗਿਆ। ਟੱਕਰ ਮਾਰਨ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਚੰਡੀ ਮੰਦਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ।