ਪੱਤਰ ਪ੍ਰੇਰਕ
ਚੰਡੀਗੜ੍ਹ, 28 ਫਰਵਰੀ
ਪੰਜਾਬ ਯੂਨੀਵਰਸਿਟੀ ਵਿੱਚ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਵੱਲੋਂ ਕਈ ਮੰਗਾਂ ਨੂੰ ਲੈ ਕੇ ਅੱਜ ਉਪ ਕੁਲਪਤੀ ਦੇ ਨਾਮ ਮੰਗ ਪੱਤਰ ਹੋਸਟਲ ਵਾਰਡਨ ਜੇਐੱਸ ਸ਼ੇਰਾਵਤ ਨੂੰ ਸੌਂਪਿਆ ਗਿਆ।
ਆਗੂਆਂ ਨੇ ਚਿਤਾਵਨੀ ਨੇ ਦਿੱਤੀ ਕਿ ਜੇਕਰ ਪੀਯੂ ਅਥਾਰਿਟੀ ਨੇ ਦੋ ਦਿਨਾਂ ਵਿੱਚ ਗੇਟ ਨਾ ਖੋਲ੍ਹਿਆ ਤਾਂ ਏਬੀਵੀਪੀ ਦੇ ਕਾਰਕੁਨ ਖ਼ੁਦ ਗੇਟ ਨੰਬਰ-1 ਦਾ ਤਾਲਾ ਤੋੜ ਕੇ ਗੇਟ ਨੂੰ ਖੋਲ੍ਹਣ ਲਈ ਮਜਬੂਰ ਹੋਣਗੇ। ਜਥੇਬੰਦੀ ਦੇ ਕਾਰਕੁਨਾਂ ਨੇ ਮੰਗ ਪੱਤਰ ’ਚ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦਾ ਗੇਟ ਨੰਬਰ-1 ਲਗਪਗ ਦੋ ਸਾਲਾਂ ਤੋਂ ਬੰਦ ਪਿਆ ਹੈ ਜਿਸ ਕਰਕੇ ਇਸ ਗੇਟ ਵੱਲੋਂ ਆਉਣ-ਜਾਣ ਵਾਲੇ ਵਿਦਿਆਰਥੀਆਂ ਨੂੰ ਕਾਫ਼ੀ ਘੁੰਮਣਾ ਪੈਂਦਾ ਹੈ। ਦੂਸਰੀ ਮੰਗ ਵਿਦਿਆਰਥੀ ਹੋਸਟਲਾਂ ’ਚ ਮੈੱਸਾਂ ਵਿੱਚ ਖਾਣੇ ਦੀਆਂ ਕੀਮਤਾਂ ਘਟਾਉਣ ਸਬੰਧੀ ਰੱਖੀ ਗਈ ਹੈ। ਜਥੇਬੰਦੀ ਵੱਲੋਂ ਗਰਲਜ਼ ਹੋਸਟਲਾਂ, ਏਸੀ ਜੋਸ਼ੀ ਲਾਇਬ੍ਰੇਰੀ 24 ਘੰਟੇ ਖੋਲ੍ਹਣ ਤੇ ਕੈਂਪਸ ’ਚ ਈ-ਰਿਕਸ਼ਾ ਸੁਵਿਧਾ ਦੁਬਾਰਾ ਚਾਲੂ ਕਰਨ ਮੰਗ ਵੀ ਰੱਖ ਗਈ। ਪ੍ਰਧਾਨ ਅਮਿਤ ਪੂਨੀਆ ਨੇ ਕਿਹਾ ਹੋਰ ਸੰਸਥਾਵਾਂ ਵਾਂਗ ਪੰਜਾਬ ਯੂਨੀਵਰਸਿਟੀ ਵਿੱਚ ਵੀ ਕਰੋਨਾ ਪਾਬੰਦੀਆਂ ਹਟਾ ਕੇ ਪੜ੍ਹਾਈ ਸ਼ੁਰੂ ਕਰਵਾਈ ਜਾਵੇ।