ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਜੁਲਾਈ
ਯੂਟੀ ਦੇ ਸਕੂਲਾਂ ਵਿੱਚ ਹੈਂਡ, ਮਾਊਥ ਤੇ ਫੁੱਟ ਲਾਗ ਦੇ ਕੇਸ ਵਧ ਰਹੇ ਹਨ। ਇਥੋਂ ਦੇ ਭਵਨ ਵਿਦਿਆਲਿਆ ਸਕੂਲ ਸੈਕਟਰ-33 ਅਤੇ ਟੈਂਡਰ ਹਾਰਟ ਸਕੂਲ ਸੈਕਟਰ-33 ਵਿਚ ਕਈ ਬੱਚਿਆਂ ਵਿਚ ਇਸ ਲਾਗ ਦੇ ਲੱਛਣ ਮਿਲੇ ਹਨ ਜਿਸ ਕਾਰਨ ਅੱਜ ਭਵਨ ਵਿਦਿਆਲਿਆ ਸਕੂਲ ਨੇ ਛੋਟੀਆਂ ਜਮਾਤਾਂ 4 ਅਗਸਤ ਤਕ ਆਨਲਾਈਨ ਲਗਾਉਣ ਦਾ ਫੈਸਲਾ ਕੀਤਾ ਹੈ। ਸਕੂਲ ਦੇ ਪ੍ਰੀ-ਨਰਸਰੀ, ਨਰਸਰੀ ਅਤੇ ਕੇਜੀ ਦੇ ਵਿਦਿਆਰਥੀਆਂ ਨੂੰ 4 ਅਗਸਤ ਤਕ ਸਕੂਲ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਟੈਂਡਰ ਹਾਰਟ ਸਕੂਲ ਵਿੱਚ ਇਕ ਵਿਦਿਆਰਥੀ ਅੱਜ ਇਸ ਬਿਮਾਰੀ ਦੀ ਲਾਗ ਨਾਲ ਪੀੜਤ ਪਾਇਆ ਗਿਆ ਜਿਸ ਕਾਰਨ ਸਕੂਲ ਪ੍ਰਿੰਸੀਪਲ ਨੇ ਨੋਟਿਸ ਜਾਰੀ ਕਰ ਕੇ ਦੱਸਿਆ ਕਿ 29 ਜੁਲਾਈ ਨੂੰ ਪਲੇਅਵੇਅ ਕਲਾਸ, ਨਰਸਰੀ, ਐਲਕੇਜੀ, ਯੂਕੇਜੀ, ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਸਕੂਲ ਨੇ ਮਾਪਿਆਂ ਨੂੰ ਕਿਹਾ ਹੈ ਕਿ ਉਹ ਇਸ ਬਿਮਾਰੀ ਦੇ ਲੱਛਣਾਂ ’ਤੇ ਨਜ਼ਰ ਰੱਖਣ। ਇਸ ਤੋਂ ਇਕ ਦਿਨ ਪਹਿਲਾਂ ਦਿੱਲੀ ਪਬਲਿਕ ਸਕੂਲ ਸੈਕਟਰ-40 ਤੇ ਸੇਂਟ ਕਬੀਰ ਸਕੂਲ ਸੈਕਟਰ-26 ਵਿਚ ਬੱਚਿਆਂ ਨੂੰ ਹੱਥਾਂ, ਪੈਰਾਂ ਤੇ ਮੂੰਹ ਵਿਚ ਦਾਣਿਆਂ ਦੀ ਸ਼ਿਕਾਇਤ ਆਈ ਸੀ ਜਿਸ ਕਾਰਨ ਇਨ੍ਹਾਂ ਸਕੂਲਾਂ ਨੇ ਆਨਲਾਈਨ ਜਮਾਤਾਂ ਲਾਉਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਹੈੱਡ, ਮਾਊਥ ਤੇ ਫੁਟ ਬਿਮਾਰੀ ਦੀ ਮਾਰ ਹੇਠ ਆਉਣ ’ਤੇ ਪਹਿਲਾਂ ਬੁਖਾਰ ਹੁੰਦਾ ਹੈ ਤੇ ਰੋਟੀ ਹਜ਼ਮ ਨਹੀਂ ਹੁੰਦੀ। ਇਸ ਤੋਂ ਬਾਅਦ ਗਲਾ ਖਰਾਬ ਹੁੰਦਾ ਹੈ ਤੇ ਦੋ ਦਿਨਾਂ ਬਾਅਦ ਮੂੰਹ ਵਿਚ ਛਾਲੇ ਵਧਣ ਲੱਗਦੇ ਹਨ। ਇਸ ਤੋਂ ਬਾਅਦ ਚਮੜੀ ਵਿਚ ਖਾਰਸ਼ ਹੋਣੀ ਸ਼ੁਰੂ ਹੁੰਦੀ ਹੈ ਤੇ ਚਮੜੀ ’ਤੇ ਲਾਲ ਨਿਸ਼ਾਨ ਸਾਹਮਣੇ ਆਉਣ ਲੱਗਦੇ ਹਨ। ਇਹ ਨਿਸ਼ਾਨ ਹਥੇਲੀਆਂ ਤੇ ਪੈਰਾਂ ਦੇ ਹੇਠਾਂ ਹੁੰਦੇ ਹਨ। ਐਡਵਾਇਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਇਸ ਲਾਗ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਵਿੱਚ ਇਹ ਸਾਰੇ ਲੱਛਣ ਦੀ ਥਾਂ ਕੁਝ ਕੁ ਲੱਛਣ ਸਾਹਮਣੇ ਆ ਰਹੇ ਹਨ। ਇਸ ਬਿਮਾਰੀ ਤੋਂ ਬਚਾਉਣ ਲਈ ਹਾਲੇ ਕੋਈ ਦਵਾਈ ਨਹੀਂ ਬਣੀ ਪਰ ਸਾਵਧਾਨੀਆਂ ਵਰਤਣ ਨਾਲ ਇਸ ਬਿਮਾਰੀ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈ।
ਸਿੱਖਿਆ ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ; ਟੈਸਟ ਕਰਵਾਉਣ ਦੀ ਹਦਾਇਤ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਸਾਰੇ ਸਕੂਲਾਂ ਨੂੰ ਐਡਵਾਇਜ਼ਰੀ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਉਹ ਇਸ ਬਿਮਾਰੀ ਦੇ ਸ਼ੱਕੀ ਵਿਦਿਆਰਥੀਆਂ ਦੀ ਵੀ ਟੈਸਟਿੰਗ ਕਰਵਾਉਣ। ਇਸ ਲਈ ਪੀਜੀਆਈ ਦੇ ਡਾਕਟਰ ਗੁਰਸਿਮਰਨ ਨੂੰ ਨੋਡਲ ਅਫਸਰ ਤਾਇਨਾਤ ਕੀਤਾ ਗਿਆ ਹੈ। ਉਹ ਸਕੂਲਾਂ ਤੋਂ ਵਿਦਿਆਰਥੀਆਂ ਦੇ ਸੈਂਪਲ ਲੈਣ ਵਾਲੀ ਟੀਮ ਦੀ ਅਗਵਾਈ ਕਰਨਗੇ। ਇਸ ਤੋਂ ਬਾਅਦ ਸੈਂਪਲ ਪੀਜੀਆਈ ਦੇ ਵਾਇਰਾਲੋਜੀ ਵਿਭਾਗ, ਬਲਾਕ-ਏ, ਛੇਵੀਂ ਮੰਜ਼ਿਲ ਕਮਰਾ ਨੰਬਰ 616 ਵਿਚ ਭੇਜੇ ਜਾਣਗੇ। ਸ੍ਰੀ ਬਰਾੜ ਨੇ ਕਿਹਾ ਕਿ ਹਾਲ ਦੀ ਘੜੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੇ ਕਿਸੇ ਵੀ ਸਰਕਾਰੀ ਸਕੂਲ ਵਿੱਚ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਲਈ ਸਰਕਾਰੀ ਸਕੂਲਾਂ ਵਿਚ ਆਨਲਾਈਨ ਜਮਾਤਾਂ ਲਾਉਣ ਦੀ ਕੋਈ ਯੋਜਨਾ ਨਹੀਂ ਹੈ।