ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 5 ਸਤੰਬਰ
ਪੁਲੀਸ ਨੇ ਇੱਥੋਂ ਦੇ ਫੇਜ਼-8 ਦੇ ਟਰੇਡ ਫੇਅਰ ਵਿਚ ਝੂਲਾ ਟੁੱਟਣ ਦੇ ਮਾਮਲੇ ਵਿਚ ਮੁੱਢਲੀ ਜਾਂਚ ਤੋਂ ਬਾਅਦ ਮੇਲਾ ਪ੍ਰਬੰਧਕਾਂ ਅਤੇ ਹੋਰਨਾਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਦਸੇ ਤੋਂ ਬਾਅਦ ਮੇਲੇ ਦੇ ਪ੍ਰਬੰਧਕ ਫਰਾਰ ਹੋ ਗਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਾਰ ਟੁੱਟਣ ਕਾਰਨ ਝੂਲਾ ਤਕਰੀਬਨ 50 ਫੁੱਟ ਉਚਾਈ ਤੋਂ ਹੇਠਾਂ ਡਿੱਗ ਗਿਆ ਸੀ ਜਿਸ ਕਾਰਨ ਡੇਢ ਦਰਜਨ ਜਣੇ ਜ਼ਖ਼ਮੀ ਹੋ ਗਏ ਸਨ। ਡੀਐੱਸਪੀ ਹਰਸਿਮਰਨ ਸਿੰਘ ਬੱਲ ਅਤੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਾਜੇਸ਼ ਅਰੋੜਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖ਼ਮੀ ਹੋਈ ਇੱਕ ਔਰਤ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੇਲੇ ਦੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।