ਮੁੱਖ ਅੰਸ਼
- ਔਰਤ ਦੇ ਘਰ ਅਕਸਰ ਆਉਣ ਵਾਲੇ ਵਿਅਕਤੀ ’ਤੇ ਹੱਤਿਆ ਦਾ ਸ਼ੱਕ; ਕੇਸ ਦਰਜ
- ਪਤੀ ਨੇ ਮੁਲਜ਼ਮ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਕਤੂਬਰ
ਹੱਲੋਮਾਜਰਾ ਦੇ ਘਰ ਵਿੱਚ ਅੱਜ ਦਿਨ-ਦਿਹਾੜੇ ਚਾਕੂ ਮਾਰ ਕੇ ਔਰਤ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾ ਦੀ ਪਛਾਣ ਵਿਨੀਤਾ (31) ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-31 ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਨੀਤਾ ਆਪਣੇ ਪਤੀ ਅਤੇ ਪੁੱਤ ਦੇ ਨਾਲ ਪਿੰਡ ਹੱਲੋਮਾਜਰਾ ਵਿੱਚ ਰਹਿੰਦੀ ਸੀ। ਉਸ ਦਾ ਪਤੀ ਰਣਜੀਤ ਸਿੰਘ ਮੁਹਾਲੀ ਦੀ ਟਰੈਕਟਰ ਕੰਪਨੀ ’ਚ ਕੰਮ ਕਰਦਾ ਹੈ ਅਤੇ 12 ਸਾਲਾਂ ਦਾ ਪੁੱਤਰ ਪੜ੍ਹਾਈ ਕਰ ਰਿਹਾ ਹੈ। ਅੱਜ ਰੋਜ਼ਾਨਾ ਦੀ ਤਰ੍ਹਾਂ ਪਤੀ ਕੰਮ ’ਤੇ ਗਿਆ ਹੋਇਆ ਸੀ ਅਤੇ ਪੁੱਤਰ ਸਕੂਲ ਗਿਆ ਹੋਇਆ ਸੀ। ਦੁਪਹਿਰ ਸਮੇਂ ਪੁੱਤਰ ਨੇ ਸਕੂਲ ਤੋਂ ਘਰ ਆ ਕੇ ਮਾਂ ਨੂੰ ਆਵਾਜ਼ ਲਗਾਈ ਤਾਂ ਉਹ ਬਾਹਰ ਨਹੀਂ ਨਿਕਲੀ। ਘਰ ਦਾ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਲੜਕੇ ਨੇ ਅੰਦਰ ਜਾ ਕੇ ਵੇਖਿਆ ਕਿ ਮਾਂ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਘਬਰਾਏ ਹੋਏ ਲੜਕੇ ਨੇ ਇਲਾਕੇ ਵਿੱਚ ਸ਼ੋਰ ਮਚਾਇਆ। ਲੜਕੇ ਦੇ ਸ਼ੋਰ ਸੁਨਣ ਤੋਂ ਬਾਅਦ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਪੁਲੀਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਥਾਣਾ ਸੈਕਟਰ-31 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਔਰਤ ਨੂੰ ਸੈਕਟਰ-32 ਦੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਔਰਤ ਦੀ ਹੱਤਿਆ ਕਿਸੇ ਚਾਕੂ ਵਰਗੀ ਤਿੱਖੀ ਵਸਤੂ ਨਾਲ ਕੀਤੀ ਗਈ ਹੈ।
ਪੁਲੀਸ ਨੇ ਪਤੀ ਤੋਂ ਕੀਤੀ ਪੁੱਛ-ਪੜਤਾਲ
ਪੁਲੀਸ ਵੱਲੋਂ ਵਿਨੀਤਾ ਦੇ ਪਤੀ ਤੋਂ ਪੁੱਛਗਿਛ ’ਚ ਸਾਹਮਣੇ ਆਇਆ ਕਿ ਜਤਿੰਦਰ ਸਿੰਘ ਵਾਸੀ ਹੱਲੋਮਾਜਰਾ ਅਕਸਰ ਉਸ ਦੀ ਗੈਰਹਾਜ਼ਰੀ ਵਿੱਚ ਘਰ ਆਇਆ ਕਰਦਾ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਉਹ ਵਿਨੀਤਾ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਵਿਨੀਤਾ ਇਕ ਮਹੀਨੇ ਤੋਂ ਜਤਿੰਦਰ ਦਾ ਫੋਨ ਨਹੀਂ ਚੁੱਕ ਰਹੀ ਸੀ। ਪੁਲੀਸ ਵੱਲੋਂ ਆਲੇ-ਦੁਆਲੇ ਦੇ ਲੋਕਾਂ ਤੋਂ ਕੀਤੀ ਪੁੱਛਗਿਛ ’ਚ ਪਤਾ ਲੱਗਾ ਕਿ ਅੱਜ ਵੀ ਜਤਿੰਦਰ ਵਿਨੀਤਾ ਦੇ ਘਰ ਆਇਆ ਸੀ। ਥਾਣਾ ਸੈਕਟਰ 31 ਦੀ ਪੁਲੀਸ ਨੇ ਮ੍ਰਿਤਕ ਦੇ ਪਤੀ ਰਣਜੀਤ ਸਿੰਘ ਦੀ ਸ਼ਿਕਾਇਤ ’ਤੇ ਜਤਿੰਦਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ।