ਹਰਜੀਤ ਸਿੰਘ/ਸ਼ਸ਼ੀ ਪਾਲ ਜੈਨ
ਡੇਰਾਬੱਸੀ/ਖਰੜ, 18 ਜੂਨ
ਮੁਬਾਰਿਕਪੁਰ ਪੁਲੀਸ ਨੇ ਸਾਢੇ ਸੱਤ ਕਰੋੜ ਰੁਪਏ ਦੀ ਡੇਢ ਕਿੱਲੋ ਹੈਰੋਇਨ ਸਮੇਤ ਬਿਰਧ ਔਰਤ(60) ਨੂੰ ਕਾਬੂ ਕੀਤਾ ਹੈ। ਮੁਲਜ਼ਮ ਮਹਿਲਾ ਦੀ ਪਛਾਣ ਸੋਮਾ ਪਤਨੀ ਮੁਖਤਿਆਰ ਸਿੰਘ ਵਾਸੀ ਸਲੇਮਪੁਰ, ਥਾਣਾ ਸਿੱਧਵਾਂ ਬੇਟ ਜ਼ਿਲ੍ਹਾ ਜਗਰਾਊਂ ਵਜੋਂ ਹੋਈ ਹੈ। ਡੀਐਸਪੀ ਗੁਰਬਖ਼ਸੀਸ਼ ਸਿੰਘ ਨੇ ਦੱਸਿਆ ਕਿ ਮੁਬਾਰਿਕਪੁਰ ਪੁਲੀਸ ਚੰਡੀਗੜ੍ਹ- ਅੰਬਾਲਾ ਕੌਮੀ ਸ਼ਾਹਰਾਹ ’ਤੇ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਅੰਬਾਲਾ ਵਲੋਂ ਪੈਦਲ ਆ ਰਹੀ ਔਰਤ ਜਿਸ ਕੋਲ ਕਾਲੇ ਰੰਗ ਦਾ ਬੈੱਗ ਸੀ ਪੁਲੀਸ ਨੂੰ ਦੇਖ ਕੇ ਘਬਰਾ ਗਈ ਤੇ ਪਿੱਛੇ ਮੁੜਨ ਲੱਗੀ। ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਤਲਾਸ਼ੀ ਲੈਣ ’ਤੇ ਬੈਗ ਵਿਚੋਂ ਡੇਢ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਦੀ ਬਾਜ਼ਾਰੀ ਕੀਮਤ ਸਾਢੇ ਸੱਤ ਕਰੋੜ ਰੁਪਏ ਹੈ। ਪੁਲੀਸ ਨੇ ਔਰਤ ਖ਼ਿਲਾਫ਼ ਐਨਡੀਪੀਐਸ. ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਔਰਤ ਨੇ ਪੁੱਛਗਿਛ ਵਿੱਚ ਦੱਸਿਆ ਕਿ ਉਸ ਨੂੰ ਇਹ ਖੇਪ ਅੰਬਾਲਾ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ ਫੜਾਈ ਸੀ। ਉਸ ਨੇ ਪੰਜਾਬ ਵਿੱਚ ਇਹ ਕਿਸੇ ਨੂੰ ਦੇਣੀ ਸੀ। ਮੁਲਜ਼ਮ ਔਰਤ ਦਾ ਕੋਈ ਪਰਿਵਾਰ ਨਹੀਂ ਹੈ। ਉਸਦੇ ਪਤੀ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਇਸੇ ਤਰ੍ਹਾਂ ਖਰੜ ਪਲੀਸ ਨੇ ਸਕਾਰਪਿਓ ਸਵਾਰ ਚਾਰ ਵਿਅਕਤੀਆਂ ਨੂੰ 110 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਗਿੱਲ ਹਸਪਤਾਲ ਰੋਡ ’ਤੇ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਸਕਾਰਪਿਓ ਗੱਡੀ ( ਸੀਐਚ01 ਬੀਸੀ 7961) ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਤਲਾਸ਼ੀ ਲੈਣ ’ਤੇ ਚਾਲਕ ਅਜੀਤ ਕੁਮਾਰ ਪਿੰਡ ਜੁਗਾਰਨ ਕੋਲੋਂ 40 ਗ੍ਰਾਮ, ਸੁਨੀਲ ਕੁਮਾਰ ਤੇ ਅਸੀਸ਼ ਠਾਕੁਰ ਦੋਵੇਂ ਵਾਸੀ ਅਮੀਰਾ ਗਰੀਨ ਖਰੜ ਕੋਲੋਂ 20-20 ਗ੍ਰਾਮ ਅਤੇ ਧਰਮਾਣੀ ਵਾਸੀ ਅਮੀਰਾ ਗਰੀਨ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਅਦਾਲਤ ਨੇ ਮੁਲਜ਼ਮਾਂ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ।
ਬੁਆਏਫਰੈਂਡ ਦੇ ਭਰਾ ਨਾਲ ਮਿਲ ਕੇ ਸ਼ੁਰੂ ਕੀਤੀ ਨਸ਼ਾ ਤਸਕਰੀ
ਮੁਹਾਲੀ (ਪੱਤਰ ਪ੍ਰੇਰਕ): ਸਥਾਨਕ ਪੁਲੀਸ ਨੇ ਦੋ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਤਲਵੰਡੀ ਭਾਈ (ਫਿਰੋਜ਼ਪੁਰ) ਅਤੇ ਸ਼ਰਨਜੀਤ ਕੌਰ ਵਾਸੀ ਪਿੰਡ ਡਾਲਾ (ਮੋਗਾ)ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲੀਸ ਦੀ ਇੱਕ ਟੀਮ ਪਿੰਡ ਕੁੰਭੜਾ ਨੇੜੇ ਸੈਕਟਰ-68-69 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਸਾਹਮਣਿਓਂ ਆਉਂਦਾ ਐਕਟਿਵਾ ਸਵਾਰ ਨੌਜਵਾਨ ਪੁਲੀਸ ਨੂੰ ਦੇਖ ਕੇ ਘਬਰਾ ਗਿਆ ਤੇ ਐਕਟਿਵਾ ਪਿੱਛੇ ਬੈਠੀ ਲੜਕੀ ਨੇ ਇਕ ਲਿਫ਼ਾਫ਼ਾ ਝਾੜੀਆਂ ਵੱਲ ਸੁੱਟਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 60 ਗਰਾਮ ਹੈਰੋਇਨ, ਇੱਕ ਕੰਪਿਊਟਰ ਕੰਡਾ, ਦੋ ਮੋਬਾਈਲ ਫੋਨ ਤੇ 15 ਮੋਮੀ ਲਿਫ਼ਾਫ਼ੇ ਬਰਾਮਦ ਹੋਏ। ਪੁਲੀਸ ਨੇ ਐਕਟਿਵਾ ਕਬਜ਼ੇ ਵਿੱਚ ਲੈ ਲਈ ਹੈ। ਕਾਬੁੂ ਕੀਤੇ ਦੋਵੇਂ ਮੁਲਜ਼ਮ ਖਰੜ (ਮੁਹਾਲੀ) ਦੇ ਵਸਨੀਕ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਲੜਕੀ ਦੇ ਬੁਆਏਫਰੈਂਡ ਜਤਿੰਦਰ ਸਿੰਘ ਨੂੰ ਯੂਟੀ ਪੁਲੀਸ ਨੇ ਇਸੇ ਸਾਲ 1 ਅਪਰੈਲ ਨੂੰ 302 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਬੁਆਏਫਰੈਂਡ ਦੇ ਜੇਲ੍ਹ ਜਾਣ ਤੋਂ ਬਾਅਦ ਉਕਤ ਮੁਲਜ਼ਮ ਲੜਕੀ ਨੇ ਉਸ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਸ਼ੁਰੂ ਕੀਤਾ। ਮੁਲਜ਼ਮ ਖਰੜ, ਕੁੰਭੜਾ ਅਤੇ ਸੋਹਾਣਾ ਦੇ ਆਸਪਾਸ ਅਤੇ ਕਾਲਜ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਦੇ ਸਨ।