ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਕਤੂਬਰ
ਸਥਾਨਕ ਧਨਾਸ ਵਿਖੇ ਦੀਵਾਲੀ ਵਾਲੀ ਰਾਤ ਨੂੰ ਦੇਰ ਰਾਤ ਤੱਕ ਪਟਾਕੇ ਚਲਾਉਣ ’ਤੇ ਰੋਕਣ ’ਤੇ ਕੁਝ ਨੌਜਵਾਨਾਂ ਨੇ ਚਾਚਾ-ਭਤੀਜੇ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਭਤੀਜੇ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ਚਾਚੇ ਦੇ ਸੱਟਾ ਮਾਰੀਆਂ। ਪੀੜਤ ਦੀ ਪਛਾਣ ਰਾਜ ਕੁਮਾਰ ਅਤੇ ਉਸ ਦੇ ਭਤੀਜੇ ਆਸ਼ੀਸ਼ ਵਾਸੀ ਧਨਾਸ ਵਜੋਂ ਹੋਈ ਹੈ। ਘਟਨਾ ਤੋਂ ਤੁਰੰਤ ਬਾਅਦ ਦੋਵਾਂ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਆਸ਼ੀਸ਼ ਨੂੰ ਪੀਜੀਆਈ ਵਿੱਚ ਰੈਫਰ ਕਰ ਦਿੱਤਾ। ਥਾਣਾ ਸਾਰੰਗਪੁਰ ਦੀ ਪੁਲੀਸ ਨੇ ਪੀੜਤ ਰਾਜ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਕਿਹਾ ਕਿ ਦੀਵਾਲੀ ਵਾਲੀ ਰਾਤ ਨੂੰ ਉਸ ਦਾ ਗੁਆਂਢੀ ਘਣਸ਼ਿਆਮ ਅਤੇ ਹੋਰ 4-5 ਜਣੇ ਰਾਤ 11 ਵਜੇ ਤੋਂ ਬਾਅਦ ਵੀ ਪਟਾਕੇ ਚਲਾ ਰਹੇ ਸਨ। ਉਸ ਨੇ ਘਣਸ਼ਿਆਮ ਨੂੰ ਪਟਾਕੇ ਚਲਾਉਣ ਤੋਂ ਰੋਕਿਆ ਜਿਸ ਤੋਂ ਉਨ੍ਹਾਂ ਵਿਚਕਾਰ ਤਕਰਾਰ ਹੋ ਗਈ। ਕੁਝ ਸਮੇਂ ਬਾਅਦ ਘਣਸ਼ਿਆਮ ਅਤੇ ਕੁਝ ਹੋਰ ਬੰਦਿਆਂ ਨੇ ਸ਼ਿਕਾਇਤਕਰਤਾ ਦੇ ਘਰ ਵਿਚ ਵੜ ਕੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਹਮਲਾਵਰਾਂ ਨੇ ਆਸ਼ੀਸ਼ ਦੇ ਚਾਕੂ ਮਾਰਿਆ, ਜਿਸ ਕਰ ਕੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਪਹਿਲਾਂ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਥਾਣਾ ਸਾਰੰਗਪੁਰ ਦੀ ਪੁਲੀਸ ਨੇ ਘਣਸ਼ਿਆਮ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।