ਪੱਤਰ ਪ੍ਰੇਰਕ
ਖਰੜ, 28 ਅਗਸਤ
ਦੇਸ਼ ਭਰ ਦੀਆਂ 75 ਉੱਚ ਵਿਦਿਅਕ ਸੰਸਥਾਵਾਂ ਵਿੱਚ ਆਯੋਜਿਤ ਸਮਾਰਟ ਇੰਡੀਆ ਹੈਕਾਥੌਨ-2022 ਵਿੱਚ ਆਪਣੀ ਪ੍ਰਤੀਭਾ ਦਾ ਪ੍ਰਮਾਣ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਦੀਆਂ ਦੋ ਟੀਮਾਂ ਨੂੰ ਕੌੌਮੀ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਟੀਮਾਂ ਨੂੰ ਕੇਂਦਰੀ ਜਲ ਸ਼ਕਤੀ ਮੰਤਰਾਲੇ ਅਤੇ ਮੱਧ ਪ੍ਰਦੇਸ਼ ਪੁਲੀਸ ਨੂੰ ਦਰਪੇਸ਼ ਸਮੱਸਿਆਵਾਂ ਦਾ ਤਕਨਾਲੋਜੀ ਦੀ ਸਹਾਇਤਾ ਨਾਲ ਸਥਾਈ ਹੱਲ ਪ੍ਰਦਾਨ ਕੀਤਾ ਹੈ। ਇਸੇ ਤਰ੍ਹਾਂ ’ਵਰਸਿਟੀ ਦੀ ਇੱਕ ਹੋਰ ਟੀਮ ਨੇ ਇਸਰੋ ਵੱਲੋਂ ਦਿੱਤੀ ਚੁਣੌਤੀ ਦੇ ਹੱਲ ਪੇਸ਼ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਨਾਲ ਹੀ ਟੀਮ ਨੂੰ ਇਸਰੋ ਦੇ ਭੁਵਨ ਪੋਰਟਲ ਦੇ ਐਲ.ਯੂ.ਐਲ.ਸੀ ਹਿੱਸੇ ’ਚ ਉਹਨਾਂ ਦੀ ਅਰਜ਼ੀ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਇੰਜਨੀਅਰਿੰਗ ਵਿਭਾਗ ਦੀ ਟੀਮ ਐਗਰੋਕੋਨ ਦੇ ਵਿਦਿਆਰਥੀ ਅਤੁਲ, ਮਹਿਕ ਸਕਸੈਨਾ, ਭੁਵਨ ਸ਼ਰਮਾ, ਸ਼ੁਭਮ, ਪ੍ਰੀਤੀ ਲਕਸ਼ਮੀ, ਅਤੇ ਟੀਮ ਲੀਡਰ ਯੋਗੇਂਦਰ ਸਿੰਘ, ਸਲਾਹਕਾਰ ਅੰਕਿਤਾ ਸ਼ਰਮਾ ਨੇ ਸ੍ਰੀ ਵੈਂਕਟੇਸ਼ਵਰ ਕਾਲਜ ਆਫ਼ ਇੰਜਨੀਅਰਿੰਗ ਆਂਧਰਾ ਪ੍ਰਦੇਸ਼ ਵਿੱਚ ਕਰਵਾਏ ਹੈਕਾਥੌਨ ਗਰੈਂਡ ਫਾਈਨਲ ਵਿੱਚ ਪਹਿਲਾ ਇਨਾਮ ਜਿੱਤਿਆ। ਇਸ ਦੌਰਾਨ 150 ਟੀਮਾਂ ਦੇ ਲਗਪਗ 900 ਵਿਦਿਆਰਥੀਆਂ ਨੇ ਕੌਮੀ ਜਲ ਸ਼ਕਤੀ ਮਿਸ਼ਨ ਲਈ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਪ੍ਰਸਤਾਵ ਪੇਸ਼ ਕੀਤੇ ਸਨ।