ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 6 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਜ਼ਾਦ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਵੱਲੋਂ ਸਖ਼ਤ ਵਿਰੋਧ ਕੀਤੇ ਜਾਣ ਕਾਰਨ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨੇੜਲੇ ਪਿੰਡ ਭਾਗੋਮਾਜਰਾ ਵਿੱਚ ਸਥਿਤ ਜ਼ਮੀਨ ਦੀ ਅੱਜ ਹੋਣ ਵਾਲੀ ਖੁੱਲ੍ਹੀ ਬੋਲੀ ਰੱਦ ਕਰਨੀ ਪਈ।
ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਭਾਗੋਮਾਜਰਾ ਵਿੱਚ ਕਰੀਬ ਦੋ ਕਨਾਲ ਜ਼ਮੀਨ ਨੂੰ ਅੱਜ ਖੁੱਲ੍ਹੀ ਬੋਲੀ ਰਾਹੀਂ ਵੇਚਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ ਅਤੇ ਇਸ ਸਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ। ਇਸ ਮੰਤਵ ਲਈ ਅੱਜ ਲੋਕਲ ਜਾਇਦਾਦ ਸਬ ਕਮੇਟੀ ਦੇ ਮੈਂਬਰਾਂ ਸਮੇਤ ਐਸਜੀਪੀਸੀ ਦਫ਼ਤਰ ’ਚੋਂ ਵੀ ਅਮਲਾ ਪਹੁੰਚ ਗਿਆ ਸੀ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਭਾਈ ਹਰਦੀਪ ਸਿੰਘ ਨੇ ਤੁਰੰਤ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰ ਸੀਨੀਅਰ ਆਗੂਆਂ ਨਾਲ ਤਾਲਮੇਲ ਕਰ ਕੇ ਇਹ ਜ਼ਮੀਨ ਨਾ ਵੇਚਣ ਦੀ ਬੇਨਤੀ ਕੀਤੀ। ਇਸ ਤੋਂ ਪਹਿਲਾਂ ਵੀ ਸਾਲ 2013 ਅਤੇ ਅਕਤੂਬਰ 2019 ਵਿੱਚ ਉਕਤ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਉਦੋਂ ਵੀ ਉਨ੍ਹਾਂ ਦੇ ਵਿਰੋਧ ਕਾਰਨ ਬੋਲੀ ਰੋਕਣੀ ਪਈ ਸੀ।
ਭਾਈ ਹਰਦੀਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਅੰਬ ਸਾਹਿਬ ਦੀ ਤਿੰਨ ਥਾਵਾਂ ’ਤੇ ਜ਼ਮੀਨ ਹੈ। ਸਥਾਨਕ ਫੇਜ਼-8 ਵਿੱਚ ਜਿੱਥੇ ਗੁਰਦੁਆਰਾ ਸਥਿਤ ਹੈ, ਦੂਜੀ ਪਿੰਡ ਪ੍ਰੇਮਗੜ੍ਹ (ਸੈਣੀਮਾਜਰਾ) ਤੇ ਤੀਜੀ ਭਾਗੋਮਾਜਰਾ ਵਿੱਚ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਸ਼੍ਰੋਮਣੀ ਕਮੇਟੀ ਦਾਨ ਵਿੱਚ ਪ੍ਰਾਪਤ ਹੋਈ ਗੁਰੂਘਰ ਦੀਆਂ ਜ਼ਮੀਨਾਂ ਨੂੰ ਖ਼ੁਰਦ-ਬੁਰਦ ਕਰਨ ਲਈ ਐਨੀ ਕਿਉਂ ਕਾਹਲੀ ਹੋਈ ਰਹਿੰਦੀ ਹੈ। ਸੰਗਤ ਦੇ ਭਾਰੀ ਵਿਰੋਧ ਕਰ ਕੇ ਸਾਲ 2010 ਵਿੱਚ ਗੁਰਦੁਆਰੇ ਦੀ ਫੇਜ਼-8 ਵਿਚਲੀ ਜ਼ਮੀਨ ਬਚਾਅ ਕੇ ਚਾਰਦੀਵਾਰੀ ਕਰਵਾਈ ਗਈ ਸੀ ਪਰ ਤਤਕਾਲੀ ਪ੍ਰਧਾਨ ਨੇ ਪਿੰਡ ਸੈਣੀ ਮਾਜਰਾ ਵਿਚਲੀ 11 ਏਕੜ ਜ਼ਮੀਨ ਸਰਕਾਰ ਨੂੰ ਗ੍ਰਹਿਣ ਕਰਵਾ ਦਿੱਤੀ ਸੀ ਅਤੇ ਪੈਸੇ ਇਲਾਕੇ ਤੋਂ ਬਾਹਰ ਖ਼ਰਚੇ ਗਏ ਸਨ। ਹਰਦੀਪ ਸਿੰਘ ਨੇ ਦੱਸਿਆ ਕੇ ਕੁਝ ਮਹੀਨੇ ਪਹਿਲਾਂ ਪ੍ਰੇਮਗੜ੍ਹ (ਸੈਣੀਮਾਜਰਾ) ਵਿੱਚ ਪਈ 12.5 ਏਕੜ ਜ਼ਮੀਨ ਦੇ ਨੋਟਿਸਾਂ ਦਾ ਜਵਾਬ ਨਾ ਦੇ ਕੇ ਜ਼ਮੀਨ ਗ੍ਰਹਿਣ ਕਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ ਪਰ ਉਨ੍ਹਾਂ ਵੱਲੋਂ ਬੀਬੀ ਜਗੀਰ ਕੌਰ ਨੂੰ ਇਹ ਜ਼ਮੀਨ ਬਚਾਉਣ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਇਸ ਜਗ੍ਹਾ ’ਤੇ ਹਸਪਤਾਲ ਜਾਂ ਕੋਈ ਹੋਰ ਸੰਸਥਾ ਬਣਾਈ ਜਾ ਸਕੇ। ਬੀਬੀ ਜਗੀਰ ਕੌਰ ਨੇ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਇਸ ਸਬੰਧੀ ਯਤਨ ਆਰੰਭੇ ਅਤੇ ਜ਼ਮੀਨ ਗ੍ਰਹਿਣ ਹੋਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਦੀ ਮੁੱਖ ਮੰਤਰੀ ਨਾਲ ਗੱਲਬਾਤ ਚੱਲ ਰਹੀ ਹੈ।