ਜਗਮੋਹਨ ਸਿੰਘ
ਘਨੌਲੀ, 20 ਦਸੰਬਰ
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਬੇੜੀ ਰਾਹੀਂ ਸਿਰਸਾ ਨਦੀ ਪਾਰ ਕਰਵਾਉਣ ਵਾਲੇ ਮਲਾਹ ਕੁੰਮਾ ਮਾਸ਼ਕੀ ਦੀ ਯਾਦ ਵਿੱਚ ਪਿੰਡ ਚੱਕ ਢੇਰਾ ਵਿਖੇ ਕਰਵਾਇਆ ਜਾਣ ਵਾਲਾ ਸਾਲਾਨਾ ਜੋੜ ਮੇਲ ਅੱਜ ਸ਼ੁਰੂ ਹੋ ਗਿਆ। ਤਿੰਨ ਦਿਨਾਂ ਤੱਕ ਚੱਲਣ ਵਾਲੇ ਜੋੜ ਮੇਲ ਦੇ ਅੱਜ ਪਹਿਲੇ ਦਿਨ ਸ੍ਰੀ ਅਖੰਡ ਪਾਠ ਆਰੰਭ ਕਰਵਾਉਣ ਤੋਂ ਬਾਅਦ ਅਸਥਾਨ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਦੌਰਾਨ ਭਾਈ ਸਤਨਾਮ ਸਿੰਘ ਘਨੌਲੀ ਅਤੇ ਕੰਵਰ ਹਰਮਿੰਦਰਪਾਲ ਸਿੰਘ ਪਾਵਰ ਕਾਲੋਨੀ ਰੂਪਨਗਰ ਦੇ ਜਥਿਆਂ ਨੇ ਕੀਰਤਨ ਅਤੇ ਢਾਡੀ ਮਲਕੀਤ ਸਿੰਘ ਪਪਰਾਲੀ ਦੇ ਜਥੇ ਨੇ ਢਾਡੀ ਵਾਰਾਂ ਰਾਹੀਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕੁੰਮਾ ਮਾਸ਼ਕੀ ਨਾਲ ਮੇਲ ਹੋਣ ਤੋਂ ਲੈ ਕੇ ਗੰਗੂ ਬ੍ਰਾਹਮਣ ਦੁਆਰਾ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਮੁਗਲ ਹਾਕਮਾਂ ਦੁਆਰਾ ਸਰਹਿੰਦ ਦੀਆਂ ਨੀਂਹਾਂ ਵਿੱਚ ਚਿਣੇ ਜਾਣ ਦਾ ਬਿਰਤਾਂਤ ਸੁਣਾ ਕੇ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਆ। ਗੁਰਦੁਆਰੇ ਦੇ ਖੋਜਕਰਤਾ ਭਾਈ ਸੁਰਿੰਦਰ ਸਿੰਘ ਖਜ਼ੂਰਲਾ ਅਤੇ ਸੇਵਾਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਵੱਲੋਂ ਆਪਣੇ ਪਰਿਵਾਰ ਤੋਂ ਵਿਛੜਨ ਦੀ ਯਾਦ ਨੂੰ ਤਾਜ਼ਾ ਕਰਨ ਲਈ ਆਸਪੁਰ, ਕੋਟਬਾਲਾ, ਅਵਾਨਕੋਟ ਤੇ ਮਾਜਰੀ ਗੁੱਜਰਾਂ ਆਦਿ ਪਿੰਡਾਂ ਦੀ ਸੰਗਤ ਦੁਆਰਾ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਸਵੇਰੇ 7 ਵਜੇ ਪੈਦਲ ਸਫਰ-ਏ-ਸ਼ਹਾਦਤ ਮਾਰਚ ਕੱਢਿਆ ਜਾਵੇਗਾ, ਜਿਹੜਾ ਕਿ ਗੁਰੂਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਸਿਰਸਾ ਨਦੀ ਦੇ ਕੰਢੇ ਚੱਲ ਕੇ ਨਦੀ ਦੇ ਠੰਢੇ ਪਾਣੀ ਨੂੰ ਪਾਰ ਕਰਨ ਉਪਰੰਤ ਛੰਨ ਕੁੰਮਾ ਮਾਸ਼ਕੀ ਪੁੱਜ ਕੇ ਸੰਪੂਰਨ ਹੋਵੇਗਾ।