ਪੱਤਰ ਪ੍ਰੇਰਕ
ਬਨੂੜ, 11 ਅਪਰੈਲ
ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਸੱਦੇ ਉੱਤੇ ਅੱਜ ਬਨੂੜ, ਮਾਣਕਪੁਰ, ਖੇੜਾ ਗੱਜੂ, ਸਨੇਟਾ, ਜਾਂਸਲਾ, ਤੰਗੌਰੀ ਸਣੇ ਸਮੁੱਚੇ ਪਿੰਡਾਂ ਅਤੇ ਕਸਬਿਆਂ ਦੇ ਪ੍ਰਾਈਵੇਟ ਸਕੂਲ ਬੰਦ ਰਹੇ। ਇਸ ਸਬੰਧੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਸਰਕਾਰੀ ਸਕੂਲਾਂ ਵਿੱਚ ਆਮ ਵਾਂਗ ਪੜ੍ਹਾਈ ਹੋਈ।
ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਗੁਰਦਾਸਪੁਰ ਕਾਂਡ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸਲ ਦੋਸ਼ੀ ਨੂੰ ਕਾਬੂ ਕੀਤਾ ਜਾਵੇ। ਨਿੱਜੀ ਸਕੂਲ ਪ੍ਰਬੰਧਕਾਂ ਖ਼ਿਲਾਫ਼ ਦਰਜ ਪਰਚਾ ਰੱਦ ਕਰ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।
ਅਮਲੋਹ (ਪੱਤਰ ਪ੍ਰੇਰਕ): ਸਿੱਖਿਆ ਸੰਸਥਾਵਾਂ ਬੰਦ ਦੇ ਸੱਦੇ ਨੂੰ ਮਾਘੀ ਮੈਮੋਰੀਅਲ ਕਾਲਜ ਫਾਰ ਵਿਮੈਨ ਅਮਲੋਹ ਵੱਲੋਂ ਵੀ ਸਮਰਥਨ ਦਿੱਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸ਼ੈਲੀ ਨੇ ਕਿਹਾ ਕਿ ਕਾਲਜ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥਣਾਂ ਨੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਲਾਲੜੂ (ਪੱਤਰ ਪ੍ਰੇਰਕ): ਲਾਲੜੂ ਇਲਾਕੇ ਦੇ ਸਾਰੇ ਪ੍ਰਾਈਵੇਟ ਸਕੂਲ ਤੇ ਕਾਲਜ ਅੱਜ ਬੰਦ ਰਹੇ। ਯੂਨੀਵਰਸਲ ਗਰੁੱਪ ਆਫ ਕਾਲਜ ਦੇ ਚੈਅਰਮੇਨ ਡਾ. ਗੁਰਪ੍ਰੀਤ ਸਿੰਘ ਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਸਰਕਲ ਲਾਲੜੂ ਦੇ ਮੈਂਬਰਾਂ ਲਲਿਤ ਮਿੱਤਲ, ਅਮਰਜੀਤ ਸਿੰਘ, ਅਮਨ ਰਾਣਾ, ਜਸਵੰਤ ਸਿੰਘ, ਰਾਕੇਸ ਗੁਪਤਾ, ਸੁਮੇਸ਼ ਰਾਣਾ, ਰਾਠੀ, ਸੰਜੀਵ ਸ਼ਰਮਾ, ਧਰਮਵੀਰ ਖੰਡੁਜਾ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਉਹ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ।