ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੂਨ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਆਈਟੀ ਪਾਰਕ ਵਿੱਚ ਬਣਾਏ ਜਾਣ ਵਾਲੇ 728 ਫਲੈਟਾਂ ਨੂੰ ਸ਼ਹਿਰੀ ਯੋਜਨਾ ਵਿਭਾਗ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਵਿਭਾਗ ਨੇ ਅੱਜ ਸੀਐੱਚਬੀ ਦੇ ਨਕਸ਼ੇ ਨੂੰ ਪ੍ਰਵਾਨਗੀ ਦੇ ਦਿੱਤੀ। ਹੁਣ ਬੋਰਡ ਜਲਦ ਹੀ 728 ਫਲੈਟ ਬਣਾਉਣ ਦਾ ਕੰਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰੀ ਯੋਜਨਾ ਵਿਭਾਗ ਵੱਲੋਂ ਪ੍ਰਵਾਨਗੀ ਤੋਂ ਬਾਅਦ ਵਾਤਾਵਰਨ ਸਬੰਧੀ ਐੱਨਓਸੀ ਲੈਣੀ ਬਾਕੀ ਹੈ, ਜਿਸ ਲਈ ਬੋਰਡ ਵੱਲੋਂ ਕੇਂਦਰੀ ਵਾਤਾਵਰਨ, ਜੰਗਲਾਤ ਅਤੇ ਮੌਸਮ ਵਿਭਾਗ ਕੋਲ ਅਰਜ਼ੀ ਭੇਜ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੱਲੋਂ ਆਈਟੀ ਪਾਰਕ ਵਿੱਚ 16.6 ਏਕੜ ਥਾਂ ’ਤੇ ਫਲੈਟ ਬਣਾਉਣ ਦੀ ਪ੍ਰਵਾਨਗੀ ਦਿੱਤੀ ਸੀ। ਉਸ ਤੋਂ ਬਾਅਦ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ 728 ਫਲੈਟ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ। ਇਸ ਵਿੱਚ 28 ਫਲੈਟ ਚਾਰ ਬੈੱਡਰੂਮ ਵਾਲੇ, 448 ਫਲੈਟ ਤਿੰਨ ਬੈੱਡਰੂਮ ਵਾਲੇ ਅਤੇ 252 ਫਲੈਟ ਦੋ ਬੈੱਡਰੂਮ ਵਾਲੇ ਬਣਾਉਣ ਦੀ ਤਿਆਰੀ ਹੈ। ਜਾਣਕਾਰੀ ਅਨੁਸਾਰ ਚਾਰ ਬੈੱਡਰੂਮ ਵਾਲੇ ਫਲੈਟ ਦੀ ਕੀਮਤ 2.75 ਕਰੋੜ, ਤਿੰਨ ਬੈਡਰੂਮ ਵਾਲੇ ਫਲੈਟ ਦੀ ਕੀਮਤ 1.90 ਕਰੋੜ ਅਤੇ ਦੋ ਬੈੱਡਰੂਮ ਵਾਲੇ ਫਲੈਟ ਦੀ ਕੀਮਤ 1.30 ਕਰੋੜ ਰੁਪਏ ਰੱਖੀ ਜਾਵੇਗੀ।