ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਨਵੰਬਰ
ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਨਜ਼ਦੀਕੀ ਪਿੰਡ ਰਾਏਪੁਰ ਕਲਾਂ ਦੇ ਸਰਬਪੱਖੀ ਵਿਕਾਸ ਲਈ ਗਰਾਮ ਪੰਚਾਇਤ ਨੂੰ 15 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਇਹ ਪੈਸਾ ਪਿੰਡ ਦੇ ਸ਼ਮਸ਼ਾਨਘਾਟ, ਰਾਮਦਾਸੀਆਂ ਧਰਮਸ਼ਾਲਾ ਦੀ ਉਸਾਰੀ ਅਤੇ ਹੋਰਨਾਂ ਕਾਰਜਾਂ ’ਤੇ ਖ਼ਰਚਿਆਂ ਜਾਵੇਗਾ। ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਸਮੇਂ ਵਿੱਚ ਮੁਹਾਲੀ ਹਲਕੇ ਦੇ ਲਗਪਗ ਸਾਰੇ ਪਿੰਡਾਂ ਵਿੱਚ ਵਿਕਾਸ ਕੰਮ ਪੂਰੇ ਜ਼ੋਰਾਂ ’ਤੇ ਚਲ ਰਹੇ ਹਨ ਅਤੇ ਕੋਈ ਵੀ ਇਲਾਕਾ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਪਿੰਡਾਂ ਨੂੰ ਆਪਸ ਵਿੱਚ ਜੋੜਨ ਲਈ ਲਿੰਕ ਸੜਕਾਂ ਦਾ ਨਵੀਨੀਕਰਨ ਜਾਰੀ ਹੈ ਅਤੇ ਪਿੰਡਾਂ ਵਿੱਚ ਗਲੀਆਂ-ਨਾਲੀਆਂ ਅਤੇ ਫਿਰਨੀਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਜਦੋਂਕਿ ਅਕਾਲੀ ਸਰਕਾਰ ਨੇ 10 ਸਾਲਾਂ ਵਿੱਚ ਕੋਈ ਵਿਕਾਸ ਨਹੀਂ ਕੀਤਾ। ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਰਜਿੰਦਰ ਸਿੰਘ ਰਾਏਪੁਰ ਕਲਾਂ ਵੀ ਹਾਜ਼ਰ ਸਨ।