ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 1 ਜੂਨ
ਇੱਥੋਂ ਦੇ ਸੈਕਟਰ-86 (ਪਿੰਡ ਸੰਭਾਲਕੀ) ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਿਆ। ਇਸ ਚਾਰਦੀਵਾਰੀ ਦੇ ਅੰਦਰ ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਅਤੇ ਪਾਰਕ ਤਿਆਰ ਕੀਤੇ ਜਾਣਗੇ। ਇਸ ਸਾਰੇ ਕਾਰਜ ’ਤੇ 20 ਲੱਖ ਰੁਪਏ ਖ਼ਰਚ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਭਾਵੇਂ ਪੰਜਾਬ ਕਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ ਪਰ ਸੂਬਾ ਸਰਕਾਰ ਪੰਚਾਇਤਾਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਪੇਂਡੂ ਖੇਤਰ ਵਿੱਚ ਵਿਕਾਸ ਗਤੀ ਨੂੰ ਹੋਰ ਹੁਲਾਰਾ ਦੇਵੇਗੀ। ਸਾਲ 2021-22 ਦੌਰਾਨ ਪੇਂਡੂ ਕਾਇਆ-ਕਲਪ ਰਣਨੀਤੀ ਤਹਿਤ ਸਕੂਲਾਂ ਦੀਆਂ ਲੋੜੀਂਦੀਆਂ ਇਮਾਰਤਾਂ ਦੀ ਉਸਾਰੀ, ਮੁਰੰਮਤ, ਪਾਰਕਾਂ, ਖੇਡ ਮੈਦਾਨਾਂ ਅਤੇ ਮਲਟੀ ਯੂਨਿਟ ਪਖਾਨਿਆਂ ਆਦਿ ਦੀ ਸਾਂਭ-ਸੰਭਾਲ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਉਚੇਰੀ ਸਿੱਖਿਆ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜਿਨ੍ਹਾਂ ਦੇ ਅਧੀਨ ਮਹਿਕਮੇ ਰਾਹੀਂ ਸਕੂਲ ਇਮਾਰਤਾਂ ਦੀ ਉਸਾਰੀਆਂ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕ ਨਿਰਮਾਣ ਤੇ ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਜਿਨ੍ਹਾਂ ਦੀ ਅਗਵਾਈ ਹੇਠ ਵਿਭਾਗ ਵੱਲੋਂ ਸਕੂਲਾਂ ਵਿੱਚ ਪੜ੍ਹਾਈ ਕਰਵਾਈ ਜਾ ਰਹੀ ਹੈ, ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਨਾਗਰਾ ਵੱਲੋਂ ਸੁੰਦਰੀਕਰਨ ਪ੍ਰਾਜੈਕਟ ਦਾ ਜਾਇਜ਼ਾ
ਫ਼ਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਫ਼ਤਹਿਗੜ੍ਹ ਸਾਹਿਬ-ਸਰਹਿੰਦ ’ਚੋਂ ਲੰਘਦੇ ਸਰਹਿੰਦ ਚੋਅ ਦੀ ਮਜ਼ਬੂਤੀ ’ਤੇ 5.50 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਹੁਣ 25 ਲੱਖ ਦੀ ਲਾਗਤ ਨਾਲ ਇਸ ਚੋਅ ਦੇ ਸੁੰਦਰੀਕਰਨ ਅਤੇ ਆਲੇ ਦੁਆਲੇ ਸੈਰਗਾਹ ਵਿਕਸਤ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਜਲਦੀ ਹੀ ਮੁਕੰਮਲ ਹੋ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਚੋਅ ਦੇ ਦੋਵੇਂ ਪਾਸੇ ਵੱਖ-ਵੱਖ ਕਿਸਮ ਦੇ ਬੂਟੇ ਲਗਾ ਕੇ ਇੰਟਰਲੌਕ ਟਾਈਲਾਂ ਲਾ ਕੇ ਪਾਥ ਬਣ ਰਿਹਾ ਹੈ, ਜਿਸਦੇ ਨਾਲ ਨਾਲ ਲੋਕਾਂ ਲਈ ਪਖਾਨੇ ਅਤੇ ਬੈਠਣ ਲਈ ਬੈਂਚ ਲਗਾਏ ਜਾਣਗੇ।