ਪੱਤਰ ਪ੍ਰੇਰਕ
ਪੰਚਕੂਲਾ, 17 ਸਤੰਬਰ
ਇਥੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੱਜ ਪੰਚਕੂਲਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਟੀਬੀ ਮੁਕਤ ਹਰਿਆਣਾ ਟੀਬੀ ਮੁਕਤ ਭਾਰਤ ਵੱਲ ਲੈ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਲਗਪੱਗ 4.50 ਕਰੋੜ ਕੋਵਿਡ ਟੀਕੇ ਲਗਾਏ ਗਏ ਹਨ ਜਦੋਂ ਕਿ ਦੇਸ਼ ਵਿੱਚ ਲਗਪੱਗ 216 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਸੂਬੇ ਵਿੱਚ ਟੀਬੀ ਦੇ ਮਰੀਜ਼ਾਂ ਦੀ ਦੇਖਭਾਲ ਲਈ ਵੱਧ ਤੋਂ ਵੱਧ ਵਾਲੰਟੀਅਰ ਬਣਨ ਦਾ ਸੱਦਾ ਦਿੱਤਾ। ਹਰਿਆਣਾ ਰਾਜ ਭਵਨ ਨੇ ਅੱਜ ਟੀਬੀ ਦੇ 5 ਮਰੀਜ਼ਾਂ ਨੂੰ ਗੋਦ ਲਿਆ ਅਤੇ ਉਨ੍ਹਾਂ ਨੂੰ ਦਵਾਈਆਂ ਅਤੇ ਪੌਸ਼ਟਿਕ ਭੋਜਨ ਕਿੱਟਾਂ ਪ੍ਰਦਾਨ ਕੀਤੀਆਂ। ਇਸ ਦੌਰਾਨ ਉਨ੍ਹਾਂ ਵਿਸ਼ਵਾਸ ਫਾਊਂਡੇਸ਼ਨ, ਰੋਟਰੀ ਕਲੱਬ, ਅਲਖੇੜ ਐਜੂਕੇਸ਼ਨਲ ਟਰੱਸਟ ਮੇਵਾਤ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਟੀਬੀ ਦੇ ਮਰੀਜ਼ਾਂ ਦੀ ਮਦਦ ਲਈ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਦੇਸ਼ ਵਿੱਚ ਆਯੂਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਗਈ ਹੈ, ਜੋ ਕਿ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਸਹਾਇਤਾ ਯੋਜਨਾ ਹੈ। ਇਸ ਤਹਿਤ ਹਰਿਆਣਾ ਵਿੱਚ ਹੁਣ ਤੱਕ 28 ਲੱਖ ਤੋਂ ਵੱਧ ਗੋਲਡ ਕਾਰਡ ਬਣਾਏ ਜਾ ਚੁੱਕੇ ਹਨ।