ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਅਪਰੈਲ
ਇੱਥੇ ਸਰਕਾਰੀ ਸਕੂਲ 18 ਨੂੰ ਨਹੀਂ ਬਲਕਿ 13 ਅਪਰੈਲ ਨੂੰ ਖੁੱਲ੍ਹਣਗੇ। ਕਰੋਨਾ ਕਾਰਨ ਸਕੂਲ ਦੋ ਸਾਲ ਬੰਦ ਰਹਿਣ ਕਾਰਨ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਵੇਂ ਕੋਰਸ ਸ਼ੁਰੂ ਕਰਵਾਏ ਗਏ ਹਨ। ਇਸ ਤੋਂ ਇਲਾਵਾ ਕੌਮਾਂਤਰੀ ਪੱਧਰ ਦੀਆਂ ਹਸਤੀਆਂ ਨਾਲ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ ਜਾਵੇਗਾ।
ਡਾਇਰੈਕਟਰ (ਸਕੂਲ ਸਿੱਖਿਆ) ਪਾਲਿਕਾ ਅਰੋੜਾ ਨੇ ਦੱਸਿਆ ਕਿ ਸਰਕਾਰੀ ਸਕੂਲ 13 ਅਪਰੈਲ ਨੂੰ ਖੁੱਲ੍ਹ ਰਹੇ ਹਨ।
ਇਕ ਪ੍ਰਿੰਸੀਪਲ ਨੇ ਦੱਸਿਆ ਕਿ ਬੁੱਧਵਾਰ ਤੋਂ ਬਾਅਦ ਚਾਰ ਛੁੱਟੀਆਂ ਆਉਣ ਕਾਰਨ ਜ਼ਿਆਦਾਤਰ ਬੱਚੇ 18 ਅਪਰੈਲ ਨੂੰ ਸਕੂਲ ਆਉਣਗੇ ਪਰ ਸਕੂਲ 13 ਤੋਂ ਹੀ ਖੁੱਲ੍ਹ ਰਹੇ ਹਨ।
ਗੁਰੂ ਨਾਨਕ ਪਬਲਿਕ ਸਕੂਲ ਸੈਕਟਰ-36 ਵਲੋਂ ਵਿਦਿਆਰਥੀਆਂ ਦੀ ਫਿਟਨੈਸ ਲਈ ਜਮਾਤਾਂ ਲਾਈਆਂ ਜਾਣਗੀਆਂ। ਸਟਰਾਅਬੇਰੀ ਫੀਲਡ ਸਕੂਲ ਸੈਕਟਰ-26 ਵਲੋਂ ਵਿਦੇਸ਼ਾਂ ਦੇ ਸਨਅਤਕਾਰਾਂ ਨਾਲ ਵਿਦਿਆਰਥੀਆਂ ਦਾ ਆਨਲਾਈਨ ਸੈਸ਼ਨ ਕਰਵਾਇਆ ਜਾਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਕਰੋਨਾ ਕਾਲ ਤੋਂ ਬਾਅਦ ਸਨਅਤ ਨੂੰ ਉਭਾਰਨ ਵਿਚ ਦਰਪੇਸ਼ ਸਮੱਸਿਆਵਾਂ ਬਾਰੇ ਪਤਾ ਲੱਗ ਸਕੇ।
ਇਸ ਤੋਂ ਇਲਾਵਾ ਭਵਨ ਵਿਦਿਆਲਿਆ ਸਕੂਲ ਸੈਕਟਰ-33 ਤੇ 27 ਵੱਲੋਂ ਵਿਦਿਆਰਥੀਆਂ ਲਈ ਕਰੋਨਾ ਤੋਂ ਉਭਰਨ ਦੇ ਨਵੇਂ ਸੈਸ਼ਨ ਕਰਵਾਏ ਜਾਣਗੇ। ਸਰਕਾਰੀ ਸਕੂਲਾਂ ਨੇ ਵੀ ਕਰੋਨਾ ਤੋਂ ਬਾਅਦ ਪਾਠਕ੍ਰਮ ਵਿੱਚ ਬਦਲਾਅ ਕੀਤਾ ਹੈ।
ਸਕੂਲਾਂ ਦੇ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਹਰ ਸਕੂਲ ਵਿੱਚ ਸੰਗੀਤ ਕੇਂਦਰ ਤੇ ਮਾਰਸ਼ਲ ਆਰਟ ਕੇਂਦਰ ਬਣਾਉਣ ਲਈ ਸਹਿਯੋਗ ਕਰਨ।