ਪੱਤਰ ਪ੍ਰੇਰਕ
ਬਨੂੜ, 18 ਅਪਰੈਲ
ਬਨੂੜ ਖੇਤਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਕੂਲੀ ਵਿਦਿਆਰਥੀਆਂ ਦੀ ਮੁਫ਼ਤ ਵਿੱਚ ਮਿਲਣ ਵਾਲੀਆਂ ਸਰਕਾਰੀ ਕਿਤਾਬਾਂ ਦੀ ਉਡੀਕ ਲੰਮੀ ਹੁੰਦੀ ਜਾ ਰਹੀ ਹੈ। ਪਹਿਲੀ ਅਪਰੈਲ ਤੋਂ ਆਰੰਭ ਹੋਏ ਨਵੇਂ ਵਿੱਦਿਅਕ ਸੈਸ਼ਨ ਨੂੰ ਵੀਹ ਦਿਨ ਹੋਣ ਵਾਲੇ ਹਨ ਪਰ ਹਾਲੇ ਤੱਕ ਇਸ ਖੇਤਰ ਦੇ ਕਿਸੇ ਵੀ ਸਕੂਲ ਵਿੱਚ ਸਿੱਖਿਆ ਵਿਭਾਗ ਵੱਲੋਂ ਭੇਜੀਆਂ ਜਾਂਦੀਆਂ ਕਿਤਾਬਾਂ ਦੀ ਕੋਈ ਖੇਪ ਨਹੀਂ ਪਹੁੰਚੀ ਹੈ। ਕਿਸੇ ਇੱਕ ਵੀ ਵਿਸ਼ੇ ਦੀ ਕਿਤਾਬ ਸਕੂਲਾਂ ਵਿੱਚ ਨਾ ਪਹੁੰਚਣ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕਈ ਸਰਕਾਰੀ ਸਕੂਲਾਂ ਦੇ ਅਧਿਆਪਕ ਵੱਖ-ਵੱਖ ਸ਼੍ਰੇਣੀਆਂ ਵਿੱਚੋਂ ਪਾਸ ਹੋਏ ਵਿਦਿਆਰਥੀਆਂ ਕੋਲੋਂ ਪੁਰਾਣੀਆਂ ਕਿਤਾਬਾਂ ਹਾਸਲ ਕਰਕੇ ਸਬੰਧਿਤ ਕਲਾਸਾਂ ਦੇ ਵਿਦਿਆਰਥੀਆਂ ਨੂੰ ਦੇ ਕੇ ਪੜ੍ਹਾਈ ਕਰਵਾ ਰਹੇ ਹਨ। ਅਧਿਆਪਕਾਂ ਨੇ ਦੱਸਿਆ ਕਿ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਲਈ ਜ਼ਿਆਦਾ ਮੁਸ਼ਕਲ ਆ ਰਹੀ ਹੈ, ਕਿਉਂਕਿ ਇਨ੍ਹਾਂ ਸ਼੍ਰੇਣੀਆਂ ਦੇ ਬੱਚਿਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ ਤੇ ਪੇਪਰ ਚੱਲ ਰਹੇ ਹੋਣ ਕਾਰਨ ਇਹ ਵਿਦਿਆਰਥੀ ਆਪਣੀਆਂ ਪੁਰਾਣੀਆਂ ਕਿਤਾਬਾਂ ਸਕੂਲ ਵਿੱਚ ਜਮ੍ਹਾਂ ਨਹੀਂ ਕਰਵਾਉਣੋਂ ਅਸਮਰੱਥ ਹਨ। ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਮੈਨਜਮੈਂਟ ਕਮੇਟੀਆਂ, ਮਾਪੇ-ਅਧਿਆਪਕ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨੇ ਸਿੱਖਿਆ ਮੰਤਰੀ ਤੋਂ ਮਾਮਲੇ ਵਿੱਚ ਦਖ਼ਲ ਦੀ ਮੰਗਦਿਆਂ ਤੁਰੰਤ ਕਿਤਾਬਾਂ ਭੇਜਣ ਦੀ ਮੰਗ ਕੀਤੀ ਹੈ।
ਅਪਗਰੇਡ ਹੋਏ ਸਕੂਲਾਂ ਨੂੰ ਨਾ ਜੁੜੇ ਅਧਿਆਪਕ
ਬਨੂੜ ਖੇਤਰ ਦੇ ਅੱਧੀ ਦਰਜਨ ਤੋਂ ਵੱਧ ਸਰਕਾਰੀ ਸਕੂਲਾਂ ਦਾ ਪਿਛਲੀ ਕਾਂਗਰਸ ਸਰਕਾਰ ਵੇਲੇ ਦਰਜਾ ਵਧਾਇਆ ਗਿਆ ਸੀ। ਹਾਲੇ ਤੱਕ ਇਨ੍ਹਾਂ ਦਰਜਾ ਵਧੇ ਹੋਏ ਸਕੂਲਾਂ ਵਿੱਚ ਨਵੀਆਂ ਕਲਾਸਾਂ ਲਈ ਕੋਈ ਅਧਿਆਪਕ ਨਹੀਂ ਭੇਜਿਆ ਗਿਆ। ਪਿੰਡ ਹੁਲਕਾ, ਖੇੜਾ ਗੱਜੂ ਤੇ ਮਨੌਲੀ ਸੂਰਤ ਦੇ ਹਾਈ ਸਕੂਲ ਸੀਨੀਅਰ ਸੈਕੰਡਰੀ ਬਣਾਏ ਗਏ ਸਨ, ਪਰ ਹਾਲੇ ਤੱਕ ਇਨ੍ਹਾਂ ’ਚ ਗਿਆਰਵੀਂ ਅਤੇ ਬਾਰਵੀਂ ਕਲਾਸਾਂ ਲਈ ਕੋਈ ਲੈਕਚਰਾਰ ਤੇ ਸਕੂਲ ਲਈ ਪ੍ਰਿੰਸੀਪਲ ਨਹੀਂ ਭੇਜੇ ਗਏ। ਪਿੰਡਾਂ ਦੀਆਂ ਪੰਚਾਇਤਾਂ ਨੇ ਸਿੱਖਿਆ ਮੰਤਰੀ ਤੋਂ ਅਪਗਰੇਡ ਕੀਤੇ ਹੋਏ ਸਕੂਲਾਂ ਵਿੱਚ ਅਧਿਆਪਕ ਭੇਜਣ ਦੀ ਮੰਗ ਕੀਤੀ ਹੈ।