ਪੱਤਰ ਪ੍ਰੇਰਕ
ਲਾਲੜੂ, 1 ਅਕਤੂਬਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਲੜੂ ਮੰਡੀ ਦੇ ਅੱਜ ਸੈਂਕੜੇ ਬੱਚਿਆਂ ਨੂੰ ਬਿਨਾ ਮਿੱਡ-ਡੇਅ ਮੀਲ ਖਾਧੇ ਹੀ ਆਪਣੇ ਘਰਾਂ ਨੂੰ ਜਾਣਾ ਪਿਆ। ਇਸ ਮਾਮਲੇ ਸਬੰਧੀ ਬੱਚਿਆਂ ਦੇ ਮਾਪਿਆ ਨੇ ਸਖਤ ਰੋਸ ਪ੍ਰਗਟ ਕਰਦੇ ਹੋਏ ਸਿੱਖਿਆ ਵਿਭਾਗ ਪੰਜਾਬ ਤੋਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸੂਤਰਾ ਮੁਤਾਬਕ ਮਿੱਡ-ਡੇਅ ਮੀਲ ਦਾ ਖਾਣਾ ਬਣਾਉਣ ਵਾਲੇ ਵਰਕਰ 12:30 ਵਜੇ ਆਏ ਅਤੇ 3:00 ਵਜੇ ਆਪਣੇ ਘਰਾਂ ਨੂੰ ਵਾਪਸ ਵੀ ਚਲੇ ਗਏ। ਵਿਦਿਆਰਥੀਆਂ ਦੇ ਮਾਪਿਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਲਾਪ੍ਰਵਾਹੀ ਅਤੇ ਬਦਇੰਤਜਾਮੀ ਦੇ ਕਾਰਨ ਉਨ੍ਹਾਂ ਦੇ ਬੱਚਿਆਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ, ਜਿਸ ਦੀ ਵਿਭਾਗ ਵਲੋਂ ਉਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸਕੂਲ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਚਹਿਲ ਨੇ ਫੋਨ ਨਹੀਂ ਚੁੱਕਿਆ, ਜਦੋਂਕਿ ਜ਼ਿਲ੍ਹਾ ਸਿੱਖਿਆ ਅਫਸਰ ਮੁਹਾਲੀ ਸੁਸ਼ੀਲ ਨਾਥ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸੋਮਵਾਰ ਨੂੰ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੀ ਸ਼ਿਕਾਇਤਾਂ ਮਿਲੀਆਂ ਹਨ, ਜਿਸ ਦਾ ਪੱਕੇ ਤੌਰ ’ਤੇ ਹੱਲ ਕੀਤਾ ਜਾਵੇਗਾ।