ਪੱਤਰ ਪ੍ਰੇਰਕ
ਚੰਡੀਗੜ੍ਹ, 3 ਮਾਰਚ
ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਚੱਲ ਰਹੀ ਸਰਕਾਰੀ ਤੇ ਘੱਟ ਰੇਟਾਂ ਵਾਲੀ ਦਵਾਈਆਂ ਦੀ ਦੁਕਾਨ ਜਨ-ਔਸ਼ਧੀ ਮੈਡੀਕਲ ਸਟੋਰ ਅੱਜ ਬੰਦ ਕਰ ਦਿੱਤਾ ਗਿਆ। ਆਰਟੀਆਈ ਕਾਰਕੁਨ ਡਾ. ਰਾਜਿੰਦਰ ਕੁਮਾਰ ਸਿੰਗਲਾ ਨੇ ਆਰਟੀਆਈ ਐਕਟ ਤਹਿਤ ਪੁੱਛਿਆ ਸੀ ਕਿ ਉਕਤ ਸਟੋਰ ਖੋਲ੍ਹਣ ਸਮੇਂ ਕਿਨ੍ਹਾਂ ਅਖ਼ਬਾਰਾਂ ਜਾਂ ਵੈਬਸਾਈਟਾਂ ’ਤੇ ਜਾਣਕਾਰੀ ਅਪਲੋਡ ਕੀਤੀ ਗਈ ਸੀ, ਕਿਸ ਇਸ਼ਤਿਹਾਰ ਰਾਹੀਂ ਟੈਂਡਰ ਮੰਗੇ ਗਏ ਸਨ ਤੇ ਕਿਨ੍ਹਾਂ ਨਿਯਮਾਂ ਤਹਿਤ ਸਟੋਰ ਅਲਾਟ ਕੀਤਾ ਗਿਆ। ਇਸ ਆਰਟੀਆਈ ਦਾ ਜਵਾਬ ਨਹੀਂ ਦਿੱਤਾ ਗਿਆ, ਪਰ 23 ਦਿਨਾਂ ਬਾਅਦ ਸਟੋਰ ਬੰਦ ਕਰ ਦਿੱਤਾ ਗਿਆ। ਖਾਲੀ ਦੁਕਾਨ ਦਾ ਕਬਜ਼ਾ ਵੀ 28 ਫ਼ਰਵਰੀ ਨੂੰ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਚੰਡੀਗੜ੍ਹ ਬਰਾਂਚ ਨੂੰ ਸੌਂਪ ਦਿੱਤਾ ਗਿਆ। ਨਿਯਮਾਂ ਮੁਤਾਬਕ ਸਟੋਰ ਬੰਦ ਕਰਨ ਲਈ 30 ਦਿਨ ਦਾ ਲਿਖਤੀ ਨੋਟਿਸ ਦੇਣਾ ਜ਼ਰੂਰੀ ਹੁੰਦਾ ਹੈ।